ਮੁੱਖ ਖ਼ਬਰਾਂਪੰਜਾਬ

ਅਕਾਲੀ ਲੀਡਰਸ਼ਿਪ ਦਾ ਭਵਿੱਖ ਤੈਅ ਕਰੇਗੀ ਮਾਘੀ ਮੇਲੇ ਦੀ ਕਾਨਫਰੰਸ, ਸਿੱਖ ਪੰਥ ਦਾ ਭਰੋਸਾ ਜਿੱਤਣਾ ਅਕਾਲੀ ਲੀਡਰਸ਼ਿਪ ਲਈ ਹੋਵੇਗੀ ਵੱਡੀ ਚੁਣੌਤੀ

ਪੰਜਾਬ ਨਿਊਜ਼,4 ਜਨਵਰੀ 2025

ਸ਼੍ਰੋਮਣੀ ਅਕਾਲੀ ਦਲ ਵਲੋਂ ਮਾਘੀ ਮੇਲੇ ’ਤੇ 14 ਜਨਵਰੀ ਨੂੰ ਚਾਲੀ ਮੁਕਤਿਆ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਵਿਚ ਸਿੱਖ ਪੰਥ ਦਾ ਭਰੋਸਾ ਜਿੱਤਣਾ ਅਕਾਲੀ ਲੀਡਰਸ਼ਿਪ ਲਈ ਵੱਡੀ ਚੁਣੌਤੀ ਹੋਵੇਗੀ। ਇਸੇ ਦਿਨ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਵਲੋਂ ਇਕ ਪੰਥਕ ਪਾਰਟੀ ਬਣਾਉਣ ਦਾ ਐਲਾਨ ਕੀਤੇ ਜਾਣ ਦੀਆਂ ਕਨਸੋਆ ਹਨ। ਲੋਕ ਸਭਾ ਚੋਣਾਂ ਵਿਚ ਚੱਲੀ ਵਿਸ਼ੇਸ਼ ਲਹਿਰ ਦੌਰਾਨ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਅਜ਼ਾਦ ਤੌਰ ’ਤੇ ਸੰਸਦ ਮੈਂਬਰ ਚੁਣੇ ਗਏ ਸਨ। ਹੁਣ ਹਾਲਾਤ ਹੋਰ ਵੀ ਬਦਲ ਗਏ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਵਲੋਂ 2 ਦਸੰਬਰ ਨੂੰ ਸੁਣਾਈ ਧਾਰਮਿਕ ਸਜ਼ਾ ਭਾਵੇਂ ਅਕਾਲੀ ਆਗੂਆਂ ਨੇ ਪੂਰੀ ਕਰ ਲਈ ਹੈ, ਪਰ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਦਾ ਅਸਤੀਫ਼ਾ ਅਜੇ ਤੱਕ ਪ੍ਰਵਾਨ ਨਹੀਂ ਕੀਤਾ। ਇਸ ਕਰਕੇ ਮਾਘੀ ਕਾਨਫਰੰਸ ਅਕਾਲੀ ਦਲ ਦੇ ਭਵਿੱਖ ਦਾ ਫੈਸਲਾ ਕਰੇਗੀ।

ਉਧਰ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਅਕਾਲੀ ਦਲ ਵਲੋਂ ਕਾਨਫਰੰਸ ਕਰਨ ਦਾ ਪੈਂਤੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਰੋਲਣ ਵਾਲਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਲੈਣ ਵਾਲਾ ਹੈ ਅਤੇ ਇਹ ਅਕਾਲੀ ਦਲ ਦੇ ਹਿਤ ਵਿਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਇਖਲਾਕ ਤੋਂ ਡਿੱਗੀ ਹੋਈ ਸਿਆਸਤ ਕਰ ਰਹੀ ਹੈ।ਅਕਾਲੀ ਦਲ ਦੇ ਨੇਤਾ ਡਾ ਦਲਜੀਤ ਸਿੰਘ ਚੀਮਾ ਪਹਿਲਾਂ ਹੀ ਬਿਆਨ ਜਾਰੀ ਕਰ ਚੁੱਕੇ ਹਨ ਕਿ ਮਾਘੀ ਮੇਲੇ ’ਤੇ ਪਾਰਟੀ ਦੇ ਸਾਰੇ ਸੀਨੀਅਰ ਨੇਤਾ ਪੁੱਜਣਗੇ। ਸੰਭਵ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਰੈਲੀ ਵੀ ਹਾਜ਼ਰੀ ਲਾਉਣਗੇ। ਅੱਜ ਯੂਥ ਅਕਾਲੀ ਦਲ ਦੀ ਹੋਈ ਮੀਟਿੰਗ ਵਿਚ ਵੱਧ ਤੋਂ ਵੱਧ ਇਕੱਠ ਕਰਨ ਲਈ ਆਗੂਆਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ।

ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਅਕਾਲੀ ਦਲ ਨੇ ਮਾਘੀ ਮੇਲੇ ’ਚ ਕਾਨਫਰੰਸ ਕਰਨ ਦਾ ਫੈਸਲਾ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਹੋਣ ਵਾਲੇ ਇਕੱਠ ਤੇ ਨਵੀਂ ਪੰਥਕ ਪਾਰਟੀ ਬਣਨ ਦੀ ਸੰਭਾਵਨਾਂ ਦੇ ਮੱਦੇਨਜ਼ਰ ਲਿਆ ਹੈ। ਅਕਾਲੀ ਲੀਡਰਸ਼ਿਪ ਨੂੰ ਡਰ ਹੈ ਕਿ ਕਿਤੇ ਪੰਥਕ ਵੋਟ ਨਵੀਂ ਬਣਨ ਵਾਲੀ ਪਾਰਟੀ ਵੱਲ ਨਾ ਖਿਸਕ ਜਾਵੇ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਅਕਾਲੀ ਦਲ ਲਈ ਵੱਡਾ ਸੰਕਟ ਖੜਾ ਹੋ ਜਾਵੇਗਾ। ਸਿਆਸੀ ਤੌਰ ’ਤੇ ਪਹਿਲਾਂ ਹੀ ਅਕਾਲੀ ਦਲ ਹਾਸ਼ੀਏ ਉਤੇ ਚੱਲ ਰਿਹਾ ਹੈ। ਅਕਾਲੀ ਦਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਪਾਰਟੀ ਜ਼ਿਮਨੀ ਚੋਣਾਂ ਲੜਨ ਤੋਂ ਮੈਦਾਨ ਵਿਚੋਂ ਹੀ ਹਟ ਗਈ।