ਮੁੱਖ ਖ਼ਬਰਾਂਪੰਜਾਬ

ਭਾਰੀ ਮੀਂਹ ਅਤੇ ਹਨੇਰੀ ਨੇ ਵਧਾਈ ਕਿਸਾਨਾਂ ਦੀ ਚਿੰਤਾ

ਨਿਊਜ਼ ਪੰਜਾਬ

19 ਅਪ੍ਰੈਲ 2025

ਅੱਜ ਸੂਬੇ ਭਰ ਵਿੱਚ ਤੇਜ਼ ਮੀਂਹ ਅਤੇ ਹਨੇਰੀ ਕਾਰਨ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਕਿਸਾਨਾਂ ਦੀ ਵਧੀ ਚਿੰਤਾ ਵਧ ਗਈ ਹੈ। ਕਿਉਂਕਿ ਕਣਕ ਦੀ ਫਸਲ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਪੱਕ ਚੁੱਕੀ ਕਣਕ ਦੀ ਫਸਲ ਦੇ ਨੁਕਸਾਨ ਦੀ ਅਸ਼ੰਕਾ ਜਤਾਈ ਜਾ ਰਹੀ ਹੈ। ‌ਅੱਜ ਦੇ ਮੀਂਹ ਕਾਰਨ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਪ੍ਰਭਾਵਿਤ ਹੋਇਆ ਹੈ।‌ ਉੱਥੇ ਮੰਡੀਆਂ ਵਿੱਚ ਮਾੜੇ ਪ੍ਰਬੰਧਾਂ ਦੀ ਵੀ ਪੋਲ ਖੁੱਲ ਗਈ ਹੈ। ਇਸ ਮੀਹ ਕਾਰਨ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਈ ਥਾਵਾਂ ਉੱਤੇ ਪਾਣੀ ਭਰ ਗਿਆ ਹੈ, ਜਿਸ ਨੂੰ ਲੇਬਰ ਅਤੇ ਕਿਸਾਨ ਕੱਢਦੇ ਦਿਖਾਈ ਦਿੱਤੇ।

ਕਿਸਾਨਾਂ ਅਨੁਸਾਰ ਮੀਂਹ ਕਾਰਨ ਖਰੀਦ ਦੇ ਕੰਮ ਵਿੱਚ ਵੀ ਦੇਰੀ ਹੋਵੇਗੀ, ਉਥੇ ਫਸਲ ਦੀ ਕਟਾਈ ਵੀ ਹੁਣ ਲੇਟ ਹੋਵੇਗੀ।ਇਸ ਮੌਕੇ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਫਸਲ ਲਈ ਬੈਠੇ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬਰਨਾਲਾ ਵਿੱਚ ਭਾਰੀ ਤੇਜ਼ ਹਨੇਰੀ ਅਤੇ ਮੀਂਹ ਪਿਆ ਹੈ। ਇਸ ਨਾਲ ਫਸਲ ਦੀ ਕਟਾਈ ਦਾ ਕੰਮ ਹੋਰ ਲੇਟ ਹੋ ਜਾਵੇਗਾ। ਉਥੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਸਲ ਦੀ ਮੰਡੀ ਵਿੱਚ ਸਹੀ ਖਰੀਦ ਚੱਲ ਰਹੀ ਹੈ ਅਤੇ ਵਿਕਣ ਤੋਂ ਬਾਅਦ ਇਸ ਦੀ ਭਰਾਈ ਹੋ ਜਾਣੀ ਸੀ। ਪਰ ਅੱਜ ਮੀਂਹ ਪੈ ਜਾਣ ਕਾਰਨ ਇਸ ਦਾ ਕੰਮ ਵੀ ਲੇਟ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਮੰਡੀ ਵਿੱਚ ਉਨ੍ਹਾਂ ਨੇ ਫਸਲ ਉੱਪਰ ਤਰਪਾਲਾਂ ਵੀ ਪਾਈਆਂ ਸਨ, ਪਰ ਹਨੇਰੀ ਇਨੀ ਜਿਆਦਾ ਤੇਜ਼ ਸੀ ਕਿ ਤਰਪਾਲਾਂ ਵੀ ਹਵਾ ਵਿੱਚ ਉੱਡ ਗਈਆਂ। ਉਨ੍ਹਾਂ ਕਿਹਾ ਕਿ ਮੀਹ ਕਾਰਨ ਫਿਲਹਾਲ ਵੱਡੇ ਨੁਕਸਾਨ ਤੋਂ ਬਚਾ ਰਹਿ ਗਿਆ ਹੈ ਅਤੇ ਥੋੜਾ ਬਹੁਤ ਪਾਣੀ ਮੰਡੀ ਵਿੱਚ ਖੜਾ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਹਨੇਰੀ ਅਤੇ ਮੀਂਹ ਦਾ ਨੁਕਸਾਨ ਹੀ ਨੁਕਸਾਨ ਹੈ ਇਸ ਨਾਲ ਖੇਤ ਗਿੱਲੇ ਹੋ ਗਏ ਹਨ ਅਤੇ ਹੁਣ ਫਸਲ ਦੀ ਕਟਾਈ ਵਿੱਚ ਵੀ ਮਸ਼ੀਨ ਚੱਲਣ ਨੂੰ ਦੋ ਦਿਨ ਲੱਗ ਸਕਦੇ ਹਨ।