ਬਿਹਾਰ ਦੇ ਸਾਰਨ ‘ਚ ਚੋਣਾਂ ਤੋਂ ਬਾਅਦ ਹੰਗਾਮਾ, ਗੋਲੀਬਾਰੀ ‘ਚ ਇਕ ਦੀ ਮੌਤ, 2 ਦਿਨਾਂ ਲਈ ਇੰਟਰਨੈੱਟ ਬੰਦ

ਬਿਹਾਰ,21 ਮਈ 2024

 

ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਤੋਂ ਬਾਅਦ  ਬਿਹਾਰ ਦੇ ਸਾਰਨ ਵਿੱਚ ਹਿੰਸਕ ਝੜਪਾਂ ਹੋਈਆਂ ਹਨ । ਦੋਵਾਂ ਧਿਰਾਂ ਵਿਚਾਲੇ ਟਕਰਾਅ ਵਧਣ ਤੋਂ ਬਾਅਦ ਮੰਗਲਵਾਰ ਨੂੰ ਗੋਲੀਬਾਰੀ ‘ਚ ਤਿੰਨ ਲੋਕਾਂ ਨੂੰ ਗੋਲੀ ਲੱਗੀ । ਇਸ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਪੁਲਸ ਟੀਮ ‘ਤੇ ਪਥਰਾਅ ਕੀਤਾ। ਇੰਟਰਨੈੱਟ ਸੇਵਾ ਦੋ ਦਿਨਾਂ ਤੋਂ ਬੰਦ ਹੈ।ਫਿਲਹਾਲ ਦੋਸ਼ੀ ਭਾਜਪਾ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋਮਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਹੀ ਵਿਵਾਦ ਸ਼ੁਰੂ ਹੋ ਗਿਆ। ਮਾਮਲਾ ਛਪਰਾ ਦੇ ਭਿਖਾਰੀ ਠਾਕੁਰ ਚੌਕ ਦਾ ਹੈ।

ਮ੍ਰਿਤਕ ਨੌਜਵਾਨ ਦਾ ਨਾਂ ਚੰਦਨ ਯਾਦਵ ਹੈ, ਜਦਕਿ ਦੋ ਹੋਰ ਵਿਅਕਤੀ ਮਨੋਜ ਯਾਦਵ ਅਤੇ ਗੁੱਡੂ ਯਾਦਵ ਵੀ ਇਸ ਗੋਲੀਬਾਰੀ ‘ਚ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ ਤਾਂ ਲੜਕਾ ਆਪਣੇ ਕੰਮ ਲਈ ਜਾ ਰਿਹਾ ਸੀ ਅਤੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਰਹੌਰਾ ਤੋਂ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਜਤਿੰਦਰ ਰਾਏ ਵੀ ਛਪਰਾ ਸਦਰ ਹਸਪਤਾਲ ਪੁੱਜੇ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।

ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਹੰਗਾਮਾ ਮਚਾਇਆ। ਛਪਰਾ ਸਦਰ ਹਸਪਤਾਲ ਤੋਂ ਬਾਅਦ ਲੋਕਾਂ ਨੇ ਭਾਜਪਾ ਆਗੂ ਰਮਾਕਾਂਤ ਸੋਲੰਕੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂਆਂ ਵੱਲੋਂ ਉਕਸਾਉਣ ਕਾਰਨ ਵਿਵਾਦ ਵਧਿਆ ਹੈ।

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਹੈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਡੀਐਮ ਅਤੇ ਐਸਪੀ ਵੀ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਗੌਰਵ ਮੰਗਲਾ ਨੇ ਦੱਸਿਆ ਕਿ ਬੀਤੇ ਦਿਨ ਭਾਜਪਾ ਅਤੇ ਰਾਸ਼ਟਰੀ ਜਨਤਾ ਦਲ ਦੇ ਵਰਕਰਾਂ ਵਿਚਾਲੇ ਝਗੜਾ ਹੋਇਆ ਸੀ। ਇਸੇ ਨੂੰ ਲੈ ਕੇ ਅੱਜ ਸਵੇਰੇ ਗੋਲੀਬਾਰੀ ਹੋਈ। ਤਿੰਨ ਲੋਕਾਂ ਨੂੰ ਗੋਲੀ ਲੱਗੀ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।