ਪੰਜਾਬ ਦੀ ਧੀ ਨਵਦੀਪ ਕੌਰ ਨੇ ਆਸਟ੍ਰੇਲੀਆ ਸਿੱਖ ਖੇਡਾਂ ’ਚ ਜਿੱਤਿਆ ਚਾਂਦੀ ਦਾ ਤਗਮਾ
ਨਿਊਜ਼ ਪੰਜਾਬ
19 ਅਪ੍ਰੈਲ 2025
ਲਾਂਬੜਾ ਦੇ ਅਧੀਨ ਆਉਂਦੇ ਪਿੰਡ ਬਸ਼ੇਸ਼ਰਪੁਰ ਦੇ ਵਾਸੀ ਮਾਸਟਰ ਬਹਾਦਰ ਸਿੰਘ ਸੰਧੂ ਹਾਲ ਵਾਸੀ ਜਲੰਧਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਉਨ੍ਹਾਂ ਦੀ ਧੀ ਨਵਦੀਪ ਕੌਰ ਨੇ ਸਿੱਖ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਚਮਕਾਇਆ ਹੈ। ਉਨ੍ਹਾਂ ਦੱਸਿਆ ਕਿ ਨਵਦੀਪ ਕੌਰ ਜੋ ਸਿਡਨੀ (ਆਸਟ੍ਰੇਲੀਆ) ’ਚ ਹਿਊਮਨ ਰਿਸੋਰਸ ਡਿਪਾਰਟਮੈਂਟ ਵਿੱਚ ਕਲਚਰ ਅਫਸਰ ਵਜੋਂ ਸੇਵਾ ਨਿਭਾਅ ਰਹੀ ਹੈ ਤੇ ਦੋ ਬੱਚਿਆਂ ਦੀ ਮਾਂ ਹੈ, ਨੇ ਸਿਡਨੀ ਵਿੱਚ ਹੋ ਰਹੀਆਂ ਸਿੱਖ ਖੇਡਾਂ ਵਿੱਚ ਹਿੱਸਾ ਲਿਆ ਤੇ 100 ਮੀਟਰ ਦੌੜ ’ਚ ਚਾਂਦੀ ਦਾ ਤਗਮਾ ਜਿੱਤਿਆ। ਨਵਦੀਪ ਕੌਰ ਖ਼ਾਲਸਾ ਸਕੂਲ ਲਾਂਬੜਾ ਦੀ ਵਧੀਆ ਅਥਲੀਟ, ਵਧੀਆ ਬੁਲਾਰਾ ਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਵਿਤਾਵਾਂ ਰਾਹੀਂ ਕਮਲਜੀਤ ਨੀਲੋਂ ਨਾਲ ਰੇਡੀਓ, ਟੈਲੀਵਿਜ਼ਨ ’ਤੇ ਪੇਸ਼ਕਾਰੀ ਕਰਦੀ ਰਹੀ ਹੈ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਬੀਟੈੱਕ ਕਰਦਿਆਂ ਗਿੱਧੇ ਵਿੱਚ ਵੀ ਚੰਗੇ ਜੌਹਰ ਦਿਖਾਉਂਦੀ ਰਹੀ ਹੈ।