ਹੀਰੋ ਸਾਈਕਲ ਇੰਡਸਟਰੀ ਦੀ ਤਰੱਕੀ ਲਈ ਨਵੀ ਪੀੜੀ ਦੇ ਸਨਅਤਕਾਰਾਂ ਨੂੰ ਆਪਣੇ ਜੋੜੇਗਾ

ਸੁਰਿੰਦਰਪਾਲ ਸਿੰਘ ਮੱਕੜ

ਲੁਧਿਆਣਾ, 21 ਨਵੰਬਰ – ਭਾਰਤ ਦੀ ਨੰਬਰ ਇਕ ਸਾਈਕਲ ਬਣਾਉਣ ਵਾਲੀ ਕੰਪਨੀ ਹੀਰੋ ਸਾਈਕਲ ਵਲੋਂ ਨੌਜਵਾਨ ਸਾਈਕਲ ਸਨਅਤਕਾਰਾਂ ਨੂੰ ਆਪਣੇ ਨਾਲ ਜੋੜ ਕੇ ਅਤਿਆਧੁਨਿਕ ਤਕਨੀਕ ਵਾਲੇ ਸਾਈਕਲਾਂ ਦਾ ਨਿਰਮਾਣ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜਿਸ ਦੇ ਤਹਿਤ ਹੀਰੋ ਸਮੂਹ ਦੇ ਸੀ.ਐੱਮ.ਡੀ. ਪੰਕਜ ਮੁੰਜਾਲ ਨੇ ਆਪਣੇ ਸਮੂਹ ਦੀ ਟੀਮ ਨਾਲ ਵਿਸ਼ਵਕਰਮਾ ਇੰਡਸਟਰੀਜ਼ ਦਾ ਦੌਰਾ ਕੀਤਾ | ਸ੍ਰੀ ਮੁੰਜਾਲ ਨੇ ਵਿਸ਼ਵਕਰਮਾ ਸਮੂਹ ਦੇ ਸੀ.ਐੱਮ.ਡੀ. ਚਰਨਜੀਤ ਸਿੰਘ ਵਿਸ਼ਵਕਰਮਾ, ਨੌਵਜਾਨ ਸਨਅਤਕਾਰ ਤੇ ਐੱਮ.ਡੀ. ਪ੍ਰਨੀਤ ਸਿੰਘ ਤੇ ਨਿਰਦੇਸ਼ਕ ਬਲਕਰਮ ਸਿੰਘ ਰਾਏ ਨਾਲ ਸਮੂਹ ਦੇ ਫ਼ੋਕਲ ਪੁਆਇੰਟ ਫੇਜ਼ 8 ਵਿਚਲੇ ਕਾਰਖਾਨੇ ਦਾ ਦੌਰਾ ਕਰਕੇ ਕਾਰਖਾਨੇ ਵਿਚ ਬਣ ਰਹੇ ਵੱਖ-ਵੱਖ ਉਤਪਾਦਾਂ ਦਾ ਉਤਪਾਦਨ ਦੇਖਿਆ ਤੇ ਉਨ੍ਹਾਂ ਨੇ ਕੰਪਨੀ ਦੇ ਨੌਜਵਾਨ ਐੱਮ.ਡੀ. ਪ੍ਰਨੀਤ ਸਿੰਘ ਨੂੰ ਹੀਰੋ ਸਾਈਕਲ ਨਾਲ ਮਿਲ ਕੇ ਅਤਿਆਧੁਨਿਕ ਤਕਨਾਲੌਜੀ ਵਾਲੇ ਉਤਪਾਦ ਬਣਾਉਣ ਲਈ ਉਤਸ਼ਾਹਿਤ ਕੀਤਾ ਤੇ ਉਨ੍ਹਾਂ ਨੇ ਵਿਸ਼ਵਕਰਮਾ ਇੰਡਸਟੀਜ਼ ਵਲੋਂ ਤਿਆਰ ਕੀਤੇ ਜਾ ਰਹੇ ਕਲਪੁਰਜ਼ਿਆਂ ਦੀ ਸਰਾਹਣਾ ਕੀਤੀ | ਉਨ੍ਹਾਂ ਕਿਹਾ ਕਿ ਉਹ ਨੌਜਵਾਨ ਸਨਅਤਕਾਰਾਂ ਦੀ ਇਕ ਕੋਰ ਕਮੇਟੀ ਬਣਾਉਣ ਜਾ ਰਹੇ ਹਨ, ਜਿੰਨ੍ਹਾਂ ਦੇ ਨਾਲ ਮਿਲ ਕੇ ਨਵੇਂ-ਨਵੇਂ ਸੁਝਾਅ ਲੈ ਕੇ ਪੰਜਾਬ ਖਾਸਕਰ ਲੁਧਿਆਣਾ ਦੀ ਸਾਈਕਲ ਸਨਅਤ ਨੂੰ ਅੱਪਗ੍ਰੇਡ ਕੀਤਾ ਜਾਵੇਗਾ | ਸ੍ਰੀ ਮੁੰਜਾਲ ਨੇ ਦਾਅਵਾ ਕੀਤਾ ਕਿ ਧਨਾਨਸੂ ਸਾਈਕਲ ਵੈਲੀ ਭਾਰਤ ਦੀ ਸਾਈਕਲ ਸਨਅਤ ਲਈ ਕਈ ਨਵੇਂ ਰਾਹ ਤਿਆਰ ਕਰੇਗੀ ਤੇ ਇਸ ਸਾਈਕਲ ਵੈਲੀ ਤੋਂ ਅਮਰੀਕਾ, ਯੂਰੋਪ ਤੇ ਹੋਰ ਦੇਸ਼ਾਂ ਦੇ ਨਾਲ ਕਾਰੋਬਾਰ ਕਰਨ ਦਾ ਰਾਹ ਖੁੱਲ੍ਹੇਗਾ | ਸ੍ਰੀ ਮੁੰਜਾਲ ਦਾ ਵਿਸ਼ਵਕਰਮਾ ਇੰਡਸਟਰੀਜ਼ ਵਿਖੇ ਪੁੱਜਣ ‘ਤੇ ਵਿਸ਼ਵਕਰਮਾ ਸਮੂਹ ਦੇ ਸੀ.ਐੱਮ.ਡੀ. ਚਰਨਜੀਤ ਸਿੰਘ ਵਿਸ਼ਵਕਰਮਾ, ਨੌਵਜਾਨ ਸਨਅਤਕਾਰ ਤੇ ਐੱਮ.ਡੀ. ਪ੍ਰਨੀਤ ਸਿੰਘ ਅਤੇ ਨਿਰਦੇਸ਼ਕ ਬਲਕਰਮ ਸਿੰਘ ਰਾਏ ਨੇ ਆਪਣੀ ਟੀਮ ਦੇ ਨਾਲ ਭਰਵਾਂ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਵਿਸ਼ਵਕਰਮਾ ਸਮੂਹ ਦੇ ਸੀ.ਐੱਮ.ਡੀ. ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਉਨ੍ਹਾਂ ਦੇ ਸਮੂਹ ਦੀ ਇਕੋ-ਇਕ ਕੋਸ਼ਿਸ਼ ਹੁੰਦੀ ਹੈ ਕਿ ਹਰ ਕਲਪੁਰਜ਼ੇ ਨੂੰ ਵਿਸ਼ਵ ਦੇ ਹਾਣ ਤੇ ਘੱਟ ਕੀਮਤ ਵਾਲਾ ਤਿਆਰ ਕਰਨਾ ਹੈ | ਇਸ ਮੌਕੇ ਰਾਜੀਵ ਖੁਰਾਣਾ, ਅਜੀਤ ਕੁਮਾਰ ਦੋਵੇਂ ਹੀਰੋ ਸਾਈਕਲ, ਪ੍ਰਭਾਤ ਮਿਸ਼ਰਾ, ਅਨਮੋਲ ਸਿੰਘ ਦੋਵੇਂ ਵਿਸ਼ਵਕਰਮਾ ਇੰਡਸਟਰੀਜ਼ ਹਾਜ਼ਰ ਸਨ |