ਪੰਜਾਬ ਵਿੱਚ ਭਾਰੀ ਗਰਮੀ ਪੈਣ ਦੀ ਸੰਭਾਵਨਾ: ਚੰਡੀਗੜ੍ਹ ਤੇ ਬਠਿੰਡਾ ‘ਚ ਤਾਪਮਾਨ 35 ਡਿਗਰੀ ਪਾਰ, ਅਗਲੇ 7 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ
ਨਿਊਜ਼ ਪੰਜਾਬ
ਮੌਸਮ ਵਿਭਾਗ:1 ਅਪ੍ਰੈਲ 2025
ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਉੱਪਰੀ ਹਿੱਸਿਆਂ ਵਿੱਚ ਪੱਛਮੀ ਗੜਬੜੀ ਕਾਰਨ ਹੋਈ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਸ਼ੁੱਕਰਵਾਰ ਤੋਂ ਹੀ ਮੌਸਮ ਠੰਡਾ ਸੀ ਦਿਨ ਵੇਲੇ ਤੇਜ਼ ਠੰਢੀਆਂ ਹਵਾਵਾਂ ਚੱਲਣ ਕਾਰਨ ਗਰਮੀ ਤੋਂ ਰਾਹਤ ਮਿਲੀ। ਹੁਣ ਐਤਵਾਰ ਤੋਂ ਮੌਸਮ ਬਦਲ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਹਵਾ ਵਿੱਚ ਠੰਢਕ ਘੱਟ ਮਹਿਸੂਸ ਕੀਤੀ ਗਈ, ਜਿਸ ਕਾਰਨ ਦਿਨ ਵੇਲੇ ਤੇਜ਼ ਧੁੱਪ ਤੋਂ ਲੋਕ ਪਰੇਸ਼ਾਨ ਨਜ਼ਰ ਆ ਰਹੇ ਸਨ।
ਪੰਜਾਬ ਵਿਚ ਮਾਰਚ ਮਹੀਨੇ ਵਿਚ ਸਿਰਫ 7.6 ਐੱਮਐੱਮ ਵਰਖਾ ਹੋਈ, ਜੋ ਕਿ ਪਿਛਲੇ ਦੋ ਸਾਲਾਂ ਵਿਚ ਸਭ ਤੋਂ ਘੱਟ ਹੈ। ਆਮ ਤੌਰ ‘ਤੇ ਮਾਰਚ ਵਿਚ 22.5 ਐੱਮਐੱਮ ਵਰਖਾ ਹੋਣੀ ਚਾਹੀਦੀ ਹੈ, ਪਰ ਇਸ ਵਾਰ ਇਹ ਆਮ ਤੋਂ 66 ਫੀਸਦ ਘੱਟ ਹੋਈ ਹੈ। ਇਸ ਘਾਟ ਦਾ ਮੁੱਖ ਕਾਰਨ ਮਾਰਚ ਵਿਚ ਪੱਛਮੀ ਗੜਬੜੀ ਦੀ ਘੱਟ ਸਰਗਰਮੀ ਹੈ। ਆਮ ਤੌਰ ‘ਤੇ ਮਾਰਚ ਵਿਚ ਪੱਛਮੀ ਗੜਬੜੀ 8 ਤੋਂ 9 ਵਾਰ ਸਰਗਰਮ ਹੁੰਦੀ ਹੈ, ਪਰ ਇਸ ਵਾਰ ਸਿਰਫ 3 ਤੋਂ 4 ਵਾਰੀ ਹੀ ਸਰਗਰਮ ਹੋਇਆ, ਅਤੇ ਉਹ ਵੀ ਬਹੁਤ ਹੀ ਕਮਜ਼ੋਰ ਸੀ।ਵਰਖਾ ਦੀ ਘਾਟ ਕਾਰਨ ਪੰਜਾਬ ਵਿਚ ਗਰਮੀ ਵੀ ਪਹਿਲਾਂ ਹੀ ਸ਼ੁਰੂ ਹੋ ਗਈ ਹੈ, ਜਿਸ ਨਾਲ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਗਰਮੀ ਦਾ ਪ੍ਰਭਾਵ ਕਣਕ ਦੀ ਫਸਲ ‘ਤੇ ਵੀ ਪਿਆ ਹੈ, ਜਿਸ ਕਾਰਨ ਇਸ ਵਾਰ ਫਸਲ ਜਲਦੀ ਪੱਕ ਗਈ ਹੈ।
ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ, ਪੰਜਾਬ ਦੇ ਕਿਸੇ ਵੀ ਜਿਲੇ ਵਿਚ ਆਮ ਵਰਖਾ ਨਹੀਂ ਹੋਈ। ਫਰੀਦਕੋਟ, ਫਾਜਿਲਕਾ, ਮੁਕਤਸਰ ਅਤੇ ਕਪੂਰਥਲਾ ਵਿਚ 92 ਤੋਂ 97 ਫੀਸਦ ਘੱਟ ਵਰਖਾ ਹੋਈ। ਜਲੰਧਰ ਵਿਚ 77 ਫੀਸਦ, ਲੁਧਿਆਣਾ ਵਿਚ 73, ਅਤੇ ਅੰਮ੍ਰਿਤਸਰ ਵਿਚ 69 ਫੀਸਦ ਘੱਟ ਵਰਖਾ ਦਰਜ ਕੀਤੀ ਗਈ। ਖੇਤੀਬਾੜੀ ਮਾਹਿਰ ਡਾ. ਸੁਖਪਾਲ ਸਿੰਘ ਦੇ ਅਨੁਸਾਰ, ਵਰਖਾ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਸਿੰਚਾਈ ਲਈ ਜ਼ਮੀਨ ਦੇ ਅੰਦਰੋਂ ਪਾਣੀ ਜ਼ਿਆਦਾ ਕੱਢਣਾ ਪਿਆ। ਇਸ ਨਾਲ ਜ਼ਮੀਨ ਹੇਠਲੇ ਪਾਣੀ ‘ਤੇ ਵੀ ਪ੍ਰਭਾਵ ਪਿਆ ਹੈ।
ਇਸ ਦੇ ਨਾਲ ਹੀ ਪਟਿਆਲਾ ਵਿੱਚ 33.4 ਡਿਗਰੀ ਸੈਲਸੀਅਸ, ਲੁਧਿਆਣਾ, ਗੁਰਦਾਸਪੁਰ ਅਤੇ ਫਰੀਦਕੋਟ ਵਿੱਚ 32.5 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 31.0 ਡਿਗਰੀ ਸੈਲਸੀਅਸ, ਪਠਾਨਕੋਟ ਵਿੱਚ 31.7 ਡਿਗਰੀ ਸੈਲਸੀਅਸ, ਰੂਪਨਗਰ ਅਤੇ ਮੋਹਾਲੀ ਵਿੱਚ 31 ਡਿਗਰੀ, ਜਲੰਧਰ ਵਿੱਚ 30.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ 6 ਅਪ੍ਰੈਲ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਦਿਨ ਦਾ ਤਾਪਮਾਨ 38 ਤੋਂ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਗਰਮੀ ਤੇਜ਼ ਹੋ ਜਾਵੇਗੀ।