ਮੁੱਖ ਖ਼ਬਰਾਂਪੰਜਾਬ

ਵਿਜੀਲੈਂਸ ਬਿਊਰੋ ਵੱਲੋਂ ਸਾਢੇ 3 ਲੱਖ ਰੁਪਏ ਰਿਸ਼ਵਤ ਲੈਂਦਾ ਹੋਮਿਓਪੈਥਿਕ ਡਾਕਟਰ ਗ੍ਰਿਫ਼ਤਾਰ

ਨਿਊਜ਼ ਪੰਜਾਬ

4 ਅਪ੍ਰੈਲ 2025

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰੱਈਆ ਦੇ ਰਹਿਣ ਵਾਲੇ ਇੱਕ ਪ੍ਰਾਈਵੇਟ ਹੋਮਿਓਪੈਥਿਕ ਡਾਕਟਰ , ਡਾ. ਅਰਵਿੰਦ ਕੁਮਾਰ ਨੂੰ ਤਰਨਤਾਰਨ ਵਿੱਚ 3.50 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਪਟਿਆਲਾ ਜ਼ਿਲ੍ਹੇ ਦੇ ਕਸਬਾ ਪਾਤੜਾਂ ਦੇ ਵਸਨੀਕ ਅਸ਼ੋਕ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ, ਡਾ. ਅਰਵਿੰਦ ਕੁਮਾਰ ਨੇ ਸ਼ੁਰੂ ਵਿੱਚ ਡਾ. ਸੁਮਿਤ ਸਿੰਘ, ਜੋ ਇਸ ਸਮੇਂ ਮਾਨਾਂਵਾਲਾ, ਅੰਮ੍ਰਿਤਸਰ ਵਿਖੇ ਸੀਨੀਅਰ ਮੈਡੀਕਲ ਅਫਸਰ (ਐਸਐਸਓ) ਵਜੋਂ ਸੇਵਾ ਨਿਭਾ ਰਿਹਾ ਹੈ, ਦੀ ਤਰਫੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਹ ਰਿਸ਼ਵਤ ਕਥਿਤ ਤੌਰ ’ਤੇ ਚੱਲ ਰਹੇ ਇੱਕ ਅਦਾਲਤੀ ਕੇਸ ਵਿੱਚ ਸ਼ਿਕਾਇਤਕਰਤਾ ਦੇ ਹੱਕ ਵਿੱਚ ਡਾ. ਸੁਮਿਤ ਸਿੰਘ ਦੀ ਗਵਾਹੀ ਦੇਣ ਦੇ ਇਵਜ਼ ਵਿੱਚ ਸੀ। ਬਾਅਦ ਵਿੱਚ ਇਹ ਰਕਮ 3.50 ਲੱਖ ਰੁਪਏ ਤੱਕ ਘਟਾ ਦਿੱਤੀ ਗਈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਮਾਮਲਾ ਐਸਐਮਓ ਰਾਜੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪਾਤੜਾਂ ਪੁਲਿਸ ਸਟੇਸ਼ਨ ਵਿੱਚ ਪੀਐਨਡੀਟੀ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਅਸ਼ੋਕ ਕੁਮਾਰ ਅਤੇ ਹੋਰਾਂ ਵਿਰੁੱਧ ਦਰਜ ਕੀਤੇ ਗਏ ਕੇਸ ਨਾਲ ਸਬੰਧਤ ਹੈ। ਡਾ. ਸੁਮਿਤ ਸਿੰਘ ਇਸ ਮਾਮਲੇ ਵਿੱਚ ਇੱਕ ਮੁੱਖ ਗਵਾਹ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਤਰਨਤਾਰਨ ਵਿਖੇ ਡਾ. ਅਰਵਿੰਦ ਕੁਮਾਰ, ਜੋ ,ਸਰਹੱਦੀ ਖੇਤਰ ਦੇ ਵਸਨੀਕਾਂ ਦੀ ਭਲਾਈ, ਖਾਸ ਕਰਕੇ ਦਾਜ ਦੇ ਮਾਮਲਿਆਂ ਅਤੇ ਮਹਿਲਾ ਸਸ਼ਕਤੀਕਰਨ ਲਈ ਕੰਮ ਕਰਨ ਵਾਲੀ ਇੱਕ ਰਾਸ਼ਟਰੀ ਪੱਧਰ ਦੀ ਕਮੇਟੀ, ‘ਸਰਹਦੀ ਲੋਕ ਸੇਵਾ ਸਮਿਤੀ’ ਦੇ ਦਫ਼ਤਰ ਵਿੱਚ ਮੌਜੂਦ ਸਨ, ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 3.50 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

 

ਸਬੂਤ ਵਜੋਂ ਪੇਸ਼ ਕੀਤੀਆਂ ਗਈਆਂ ਆਡੀਓ ਰਿਕਾਰਡਿੰਗਾਂ ਨੇ ਰਿਸ਼ਵਤ ਦੀ ਮੰਗ ਦੀ ਪੁਸ਼ਟੀ ਕੀਤੀ, ਜਿਸ ਕਾਰਨ ਗ੍ਰਿਫਤਾਰੀ ਸੰਭਵ ਹੋਈ। ਇਸ ਸਬੰਧ ਵਿੱਚ ਡਾ. ਅਰਵਿੰਦ ਕੁਮਾਰ ਵਿਰੁੱਧ ਮੋਹਾਲੀ ਵਿਖੇ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਪੰਜਾਬ ਦੇ ਫਲਾਇੰਗ ਸਕੁਐਡ-1 ਵਿਖੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ, ਅਤੇ ਡਾ. ਸੁਮਿਤ ਸਿੰਘ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ।