ਮਹਿਲ ਸਿੰਘ ਬੱਬਰ ਦੇ ਭੋਗ ਵਿੱਚ ਸਿਰੋਪਾਓ ਦੇਣ ਸਮੇਂ ਜਥੇਦਾਰ ਗੜਗੱਜ ਦਾ ਭਰੀ ਸਭਾ ‘ਚ ਹੋਇਆ ਵਿਰੋਧ, ਜਾਣੋ ਕੀ ਹੈ ਪੂਰਾ ਵਿਵਾਦ
ਨਿਊਜ਼ ਪੰਜਾਬ
4 ਅਪ੍ਰੈਲ 2025
ਬੱਬਰ ਖਾਲਸਾ ਇੰਟਰਨੈਸ਼ਨਲ(BKI) ਜਥੇਬੰਦੀ ਨਾਲ ਜੁੜੇ ਖ਼ਾਲਿਸਤਾਨੀ ਆਗੂ ਮਹਿਲ ਸਿੰਘ ਬੱਬਰ ਦੀ ਪਾਕਿਸਤਾਨ ਵਿੱਚ ਬੀਤੇ ਦਿਨੀਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਭਾਈ ਮਹਿਲ ਸਿੰਘ ਬੱਬਰ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਹੋਇਆ ਹੈ।
ਦਰਅਸਲ, ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਇਕ ਵਿਅਕਤੀ ਨੂੰ ਸਿਰੋਪਾਓ ਦੇ ਰਹੇ ਸਨ ਤਾਂ ਸੰਗਤ ਵਿਚੋਂ ਅਕਾਲੀ ਦਲ ਮਾਨ ਦੇ ਆਗੂ ਜਰਨੈਲ ਸਿੰਘ ਸਖੀਰਾ ਉੱਠੇ ਤੇ ਉਨ੍ਹਾਂ ਜਥੇਦਾਰ ਨੂੰ ਸਿਰੋਪਾਓ ਦੇਣ ਤੋਂ ਰੋਕ ਦਿੱਤਾ ਤੇ ਕਿਹਾ ਕਿ ਸੰਗਤ ਉਨ੍ਹਾਂ ਨੂੰ ਜਥੇਦਾਰ ਹੀ ਨਹੀਂ ਮੰਨਦੀ। ਇਸ ਤੋਂ ਬਾਅਦ ਜਥੇਦਾਰ ਗੜਗੱਜ ਹੱਥ ਜੋੜ ਕੇ ਸੰਗਤ ਵਿਚ ਬੈਠ ਗਏ। ਦੱਸ ਦਈਏ ਕਿ ਇਸ ਮੌਕੇ ਜਰਨੈਲ ਸਿੰਘ ਸਖੀਰਾ ਵੱਲੋਂ ਇਹ ਕਿਹਾ ਗਿਆ ਕਿ ਸੰਗਤ ਉਨ੍ਹਾਂ ਨੂੰ ਜਥੇਦਾਰ ਹੀ ਨਹੀਂ ਮੰਨਦੀ। ਤੁਸੀਂ ਸਰੋਪਾ ਨਾ ਦਿਓ। ਇਸ ਤੋਂ ਬਾਅਦ ਜਥੇਦਾਰ ਗੜਗੱਜ ਹੱਥ ਜੋੜ ਕੇ ਸੰਗਤ ਵਿਚ ਬੈਠ ਗਏ ਜਿਸ ਤੋਂ ਬਾਅਦ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਪਰਿਵਾਰ ਨੂੰ ਸਿਰੋਪਾਓ ਭੇਟ ਕੀਤਾ।
ਜਾਣਕਾਰੀ ਮੁਤਾਬਕ, ਮਹਿਲ ਸਿੰਘ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਭਾਰਤੀ ਏਅਰ ਫੋਰਸ ਵਿੱਚ ਕੰਮ ਕਰਦੇ ਰਹੇ ਹਨ। ਉਨ੍ਹਾਂ ਦਾ ਜੱਦੀ ਪਿੰਡ ਤਰਨ ਤਾਰਨ ਜ਼ਿਲ੍ਹੇ ਦੀ ਭਿਖੀਵਿੰਡ ਤਹਿਸੀਲ ਵਿੱਚ ਪੈਂਦਾ ਦਾਸੂਵਾਲ ਹੈ। ਉਹ ਤਿੰਨ ਭਰਾ ਸਨ। ਮਹਿਲ ਸਿੰਘ, ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਸਨ। ਸੁਖਦੇਵ ਸਿੰਘ, ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਕਰੀਬ 14 ਸਾਲ ਮੁਖੀ ਰਹੇ।