ਮੋਗਾ – ਕੰਨਟੇਨਮੈਟ ਜ਼ੋਨ ਤੋ ਬਾਹਰ ਸਕੂਲਾਂ ਵਿੱਚ ਆਨਲਾਈਨ ਟੀਚਿੰਗ/ਟੈਲੀ ਕਾਊਸਲਿੰਗ ਲਈ 50 ਫੀਸਦੀ ਸਟਾਫ਼ ਨੂੰ ਬੁਲਾਉਣ ਦੀ ਆਗਿਆ
ਅਨਲਾਕ-4 ਤਹਿਤ ਕੁਝ ਹੋਰ ਅੰਸ਼ਿਕ ਢਿੱਲਾਂ/ਹਦਾਇਤਾਂ ਹੋਈਆਂ ਜਾਰੀ
–ਉੱਚ ਵਿਦਿੱਅਕ ਸੰਸਥਾਵਾਂ ਨੂੰ ਰੀਸਰਚ ਸਕੋਲਰ, ਪੋਸਟ ਗ੍ਰੈਜੂਏਟ ਸੰਸਥਾਵਾਂ ਨੂੰ ਲੈਬਾਰਟਰੀ/ਪ੍ਰਯੋਗਸ਼ਾਲਾਵਾਂ ਵਾਲੀਆਂ ਕਲਾਸਾਂ ਲਈ ਖੋਲ੍ਹਿਆ ਜਾ ਸਕੇਗਾ-ਸ੍ਰੀ ਸੰਦੀਪ ਹੰਸ
–ਸਿਹਤ ਵਿਭਾਗ ਵਿਰੁੱਧ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਬਿਲਕੁਲ ਤਰਕਹੀਣ-ਡਿਪਟੀ ਕਮਿਸ਼ਨਰ
ਡਾ. ਸਵਰਨਜੀਤ ਸਿੰਘ
ਮੋਗਾ, 20 ਸਤੰਬਰ: ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੋਗਾ ਜ਼ਿਲ੍ਹੇ ਵਿੱਚ ਅਨਲਾਕ-4 ਸਬੰਧੀ ਜਾਰੀ ਹੋਈਆਂ ਪਹਿਲੀਆਂ ਹਦਾਇਤਾਂ ਦੀ ਲਗਾਤਾਰਤਾ ਵਿੱਚ ਕੁਝ ਹੋਰ ਅੰਸ਼ਿਕ ਢਿੱਲਾਂ ਜਾਰੀ ਕੀਤੀਆਂ ਗਈਆਂ ਹਨ। ਇਹ ਹਦਾਇਤਾਂ/ਢਿੱਲਾਂ 21 ਸਤੰਬਰ ਤੋ 30 ਸਤੰਬਰ, 2020 ਤੱਕ ਲਾਗੂ ਰਹਿਣਗੀਆਂ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਆਨਲਾਈਨ ਡਿਸਟੈਂਸ ਲਰਨਿੰਗ ਦੀ ਆਗਿਆ ਹੋਵੇਗੀ ਅਤੇ ਇਸ ਨੂੰ ਉਤਸ਼ਾਹਿਤ ਵੀ ਕੀਤਾ ਜਾਵੇਗਾ। ਕੰਨਟੇਨਮੈਟ ਜ਼ੋਨ ਤੋ ਬਾਹਰ ਸਕੂਲਾਂ ਵਿੱਚ ਆਨਲਾਈਨ ਟੀਚਿੰਗ/ਟੈਲੀ ਕਾਊਸਲਿੰਗ ਅਤੇ ਹੋਰ ਕੰਮਾਂ ਲਈ 50 ਫੀਸਦੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਸਕੂਲ ਦੇ ਸਮੇ ਦੌਰਾਨ ਸਿਹਤ ਵਿਭਾਗ ਵੱਲੋ ਜਾਰੀ ਹੋਈਆਂ ਐਸ.ਓ.ਪੀ.(ਸਟੈਡਰਡ ਓਪਰੇਟਿੰਗ ਪ੍ਰੋਸੀਜਰ) ਅਨੁਸਾਰ ਬੁਲਾਉਣ ਦੀ ਆਗਿਆ ਹੋਵੇਗੀ। ਸਕੂਲ, ਕਾਲਜ, ਵਿੱਦਿਅਕ ਅਤੇ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਅਤੇ ਰੈਗੂਲਰ ਕਲਾਸਾਂ ਲਈ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੀਆਂ।
ਉੱਚ ਵਿਦਿੱਅਕ ਸੰਸਥਾਵਾਂ ਨੂੰ ਰੀਸਰਚ ਸਕੋਲਰ (ਪੀ.ਐਚ.ਡੀ.) ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਕੇਵਲ ਟੈਕਨੀਕਲ ਅਤੇ ਪ੍ਰੋਫੈਸ਼ਨਲ ਪ੍ਰੋਗਰਾਮ, ਜਿੰਨ੍ਹਾਂ ਲਈ ਲੈਬਾਰਟਰੀ/ਪ੍ਰਯੋਗਸ਼ਾਲਾਵਾਂ ਦੀ ਜਰੂਰਤ ਹੈ, ਨੂੰ ਖੋਲ੍ਹਣ ਦੀ ਆਗਿਆ ਹੋਵੇਗੀ।
ਓਪਨ ਏਅਰ ਥੀਏਟਰਾਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋ ਕਰਦੇ ਹੋਏ ਖੁੱਲ੍ਹਣ ਦੀ ਆਗਿਆ ਹੋਵੇਗੀ। ਸਿਨੇਮਾ ਹਾਲ, ਸਵੀਮਿੰਗ ਪਾਰਕ, ਥੀਏਟਰ ਅਤੇ ਅਜਿਹੇ ਹੋਰ ਸਥਾਨ ਬੰਦ ਰਹਿਣਗੇ।
ਉਪਰੋਕਤ ਤੋ ਇਲਾਵਾ ਪਹਿਲਾਂ ਜਾਰੀ ਕੀਤੀਆਂ ਗਈਆਂ ਪਾਬੰਦੀਆਂ ਉਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਕਰਫਿਊ/ਬੰਦ ਵਿੱਚ ਢਿੱਲ ਅਰਥਿਕਤਾ ਨੂੰ ਮਜ਼ਬੂਤੀ ਪ੍ਰਦਾਨ ਕਰਵਾਉਣ ਜਾਂ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਜਾਂ ਫਿਰ ਲੋਕ ਹਿੱਤ ਵਾਲੀਆਂ ਜਰੂਰੀ ਸੇਵਾਵਾਂ ਨੂੰ ਚਾਲੂ ਰੱਖਣ ਲਈ ਹੀ ਦੇ ਰਿਹਾ ਹੈ, ਇਨ੍ਹਾਂ ਢਿੱਲਾਂ ਦਾ ਮਤਲਬ ਇਹ ਬਿਲਕੁਲ ਵੀ ਨਾ ਲਿਆ ਜਾਵੇ ਕਿ ਹੁਣ ਇਸ ਸੰਕਰਮਣ ਦਾ ਪ੍ਰਕੋਪ ਘਟ ਗਿਆ ਹੈ, ਸਗੋ ਹੁਣ ਸਾਨੂੰ ਪਹਿਲਾਂ ਨਾਲੋ ਵੀ ਜ਼ਿਆਦਾ ਸਾਵਧਾਨ ਹੋ ਕੇ ਸਮਾਜ ਵਿੱਚ ਵਿਚਰਨ ਦੀ ਜਰੂਰਤ ਹੈ ਤਾਂ ਕਿ ਅਸੀ ਕਰੋਨਾ ਮਹਾਂਮਾਰੀ ਦੇ ਸੰਕਰਮਣ ਦੀ ਜਕੜ ਵਿੱਚ ਆਉਣ ਤੋ ਬਚੇ ਰਹੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਮਹਾਂਮਾਰੀ ਦੇ ਖਾਤਮੇ ਲਈ ਵਿੱਢੇ ਮਿਸ਼ਨ ਫਤਹਿ ਨੂੰ ਸਾਡੇ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਹੀ ਫਤਹਿ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ
ਨੂੰ ਪੁਰਜ਼ੋਰ ਅਪੀਲ ਕਰਦਆਂ ਕਿਹਾ ਕਿ ਘਰ ਤੋ ਬਾਹਰ ਬਿਨ੍ਹਾਂ ਮਾਸਕ ਤੋ ਬਿਲਕੁਲ ਵੀ ਨਾ ਨਿਕਲਿਆ ਜਾਵੇ, ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ, ਬੇਲੋੜੀ ਮੂਵਮੈਟ ਬੰਦ ਕੀਤੀ ਜਾਵੇ, ਹੱਥਾਂ ਨੂੰ ਵਾਰ ਵਾਰ ਸਾਬਣ ਜਾਂ ਪਾਣੀ ਨਾਲ ਧੋਤਾ ਜਾਵੇ, ਸੈਨੇਟਾਈਜੇਸ਼ਨ ਪ੍ਰਕਿਰਿਆ ਨੂੰ ਅਪਣਾਇਆ ਜਾਵੇ, ਕਿਉਕਿ ਇਹ ਸਾਵਧਾਨੀਆਂ ਸਾਨੂੰ ਕਰੋਨਾ ਦੀ ਇਨਫੈਕਸ਼ਨ ਤੋ ਦੂਰ ਰੱਖਦੀਆਂ ਹਨ।
ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸਮਾਜ ਵਿੱਚ ਸਿਹਤ ਵਿਭਾਗ ਖਿਲਾਫ਼ ਕਰੋਨਾ ਟੈਸਟ/ਇਲਾਜ਼ ਨਾ ਕਰਵਾਉਣ ਦੀਆਂ ਝੂਠੀਆਂ ਅਤੇ ਬੇਬੁਨਿਆਦ ਅਫ਼ਵਾਹਾਂ ਫੈਲਾਅ ਰਹੇ ਹਨ ਜਿੰਨ੍ਹਾਂ ਤੇ ਜ਼ਿਲ੍ਹਾ ਵਾਸੀਆਂ ਨੂੰ ਬਿਲਕੁਲ ਵੀ ਧਿਆਨ ਨਹੀ ਦੇਣਾ ਚਾਹੀਦਾ ਕਿਉਕਿ ਇਹ ਸਾਰੀਆਂ ਅਫ਼ਵਾਹਾਂ ਤਰਕਹੀਣ ਹਨ।