ਸਿੱਖਿਆ ਵਿਭਾਗ ਨੇ ਵੱਖ-ਵੱਖ ਵਿਸ਼ਿਆਂ ਦੇ ਮਾਸਟਰ/ਮਿਸਟ੍ਰੈੱਸ ਕਾਡਰ ਦੀਆਂ 2182 ਆਸਾਮੀਆਂ ਲਈ ਅਰਜ਼ੀਆਂ ਮੰਗੀਆਂ

ਚੰਡੀਗੜ•, 29 ਫਰਵਰੀ: (ਨਿਊਜ਼ ਪੰਜਾਬ )
ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਨ ਦੇ ਆਪਣੇ ਵਾਅਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਖ-ਵੱਖ ਵਿਸ਼ਿਆਂ ਦੇ ਮਾਸਟਰ/ਮਿਸਟ੍ਰੈੱਸ ਕਾਡਰ ਦੀਆਂ 2182 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅਧਿਆਪਕਾਂ ਦੀ ਭਰਤੀ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦੇ ਆਦੇਸ਼ ਦਿੰਦਿਆਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਦੱਸਿਆ ਕਿ ਸਰਹੱਦੀ ਖੇਤਰ ਵਿੱਚ ਅਧਿਆਪਕਾਂ ਦੀ ਘਾਟ ਨੂੰ ਦੂਰ ਕਰ ਕੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਤਹੱਈਏ ਤਹਿਤ ਹਿੰਦੀ, ਪੰਜਾਬੀ, ਗਣਿਤ, ਸਮਾਜਿਕ ਸਿੱਖਿਆ, ਅੰਗਰੇਜੀ ਅਤੇ ਸਾਇੰਸ ਵਿਸ਼ਿਆਂ ਦੇ ਮਾਹਰ ਅਧਿਆਪਕ ਭਰਤੀ ਕਰਨ ਲਈ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਬਾਰਡਰ ਕਾਡਰ ਤਹਿਤ ਹਿੰਦੀ ਮਾਸਟਰ/ਮਿਸਟ੍ਰੈੱਸ ਦੀਆਂ 40 ਅਸਾਮੀਆਂ, ਪੰਜਾਬੀ ਵਿਸ਼ੇ ਦੀਆਂ 60 ਅਸਾਮੀਆਂ, ਗਣਿਤ ਦੀਆਂ 450 ਅਸਾਮੀਆਂ, ਸਮਾਜਿਕ ਸਿੱਖਿਆ ਦੀਆਂ 52 ਅਸਾਮੀਆਂ, ਅੰਗਰੇਜੀ ਵਿਸ਼ੇ ਦੀਆਂ 880 ਅਸਾਮੀਆਂ, ਸਾਇੰਸ ਮਾਸਟਰ/ਮਿਸਟ੍ਰੈੱਸ ਕਾਡਰ ਦੀਆਂ 700 ਅਸਾਮੀਆਂ ਨੂੰ ਭਰਨ ਸਬੰਧੀ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈੱਬਸਾਈਟ www.educationrecruitmentboard.com ‘ਤੇ ਆਨਲਾਈਨ ਦਰਖਾਸਤਾਂ ਮੰਗੀਆਂ ਗਈਆਂ ਹਨ। ਯੋਗ ਉਮੀਦਵਾਰ 29 ਫਰਵਰੀ ਤੋਂ 18 ਮਾਰਚ, 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ•ਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਨਿਯਮ ਵਿਭਾਗ ਦੀ ਵੈੱਬਸਾਈਟ ‘ਤੇ ਵੇਖੇ ਜਾ ਸਕਦੇ ਹਨ।
ਸ੍ਰੀ ਸਿੰਗਲਾ ਨੇ ਅੱਗੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਸਮੇਤ ਹੋਰ ਤਕਰੀਬਨ 8000 ਦੇ ਕਰੀਬ ਆਸਾਮੀਆਂ ਭਰੀਆਂ ਜਾ ਚੁੱਕੀਆਂ ਹਨ, ਜਿਨ•ਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਮਾਸਟਰ/ਮਿਸਟ੍ਰੈੱਸ, ਮੈਰੀਟੋਰੀਅਸ ਸਕੂਲਾਂ ਵਿੱਚ ਭਰਤੀ, ਈ.ਟੀ.ਟੀ. ਭਰਤੀ ਦਾ ਬੈਕਲਾਗ, ਦਿਵਿਆਂਗ ਵਿਅਕਤੀਆਂ ਤੇ ਆਜਾਦੀ ਘੁਲਾਟੀਆਂ ਦੇ ਵਾਰਸਾਂ ਦੀ ਭਰਤੀ, ਸੈਂਟਰ ਹੈੱਡ ਤੇ ਹੈੱਡ ਟੀਚਰ, ਫਿਜੀਕਲ ਲੈਕਚਰਾਰ, ਡੀ.ਪੀ.ਈ., ਪ੍ਰਿੰਸੀਪਲ, ਹੈੱਡਮਾਸਟਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਆਦਿ ਦੀਆਂ ਆਸਾਮੀਆਂ ਸ਼ਾਮਲ ਹਨ।