ਨਿਊਜ਼ ਪੰਜਾਬ
21 ਜੁਲਾਈ 2025
ਇੰਦੌਰ ਤੋਂ ਪੁਣੇ ਜਾ ਰਹੀ ਇਕ ਯਾਤਰੀ ਬੱਸ ਨੂੰ ਅਚਾਨਕ ਅੱਗ ਲੱਗ ਗਈ,ਕੁਝ ਹੀ ਦੇਰ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਹਾਦਸੇ ਵਿੱਚ ਬਸ ਦੇ ਡਰਾਈਵਰ ਸਮੇਤ 8 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਰਾਹਤ ਵਾਲੀ ਇਹ ਗੱਲ ਰਹੀ ਕਿ ਅੱਗ ਪੂਰੀ ਬੱਸ ਵਿੱਚ ਫੈਲਣ ਤੋਂ ਪਹਿਲਾਂ ਹੀ 40 ਤੋਂ ਵੱਧ ਯਾਤਰੀ ਸੁਰੱਖਿਅਤ ਬਾਹਰ ਨਿਕਲ ਆਏ। ਇਸ ਹਾਦਸੇ ਕਾਰਨ ਹਾਈਵੇ ‘ਤੇ ਕੁਝ ਸਮੇਂ ਲਈ ਟ੍ਰੈਫਿਕ ਵੀ ਪ੍ਰਭਾਵਤ ਹੋਇਆ।
ਜਾਣਕਾਰੀ ਮੁਤਾਬਕ, ਐਤਵਾਰ ਸ਼ਾਮ ਨੂੰ ਇੰਦੌਰ ਤੋਂ ਇੱਕ ਪ੍ਰਾਈਵੇਟ ਟਰੈਵਲਜ਼ ਦੀ ਸਲੀਪਰ ਬੱਸ ਪੁਣੇ ਲਈ ਰਵਾਨਾ ਹੋਈ ਸੀ। ਰਾਤ ਨੂੰ ਮਹੂ ਬਾਈਪਾਸ ਤੋਂ ਅੱਗੇ ਬੱਸ ਦੀ ਇੱਕ ਕੰਟੇਨਰ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਖਰਾਬ ਹੋ ਗਿਆ ਅਤੇ ਉੱਥੋਂ ਹੀ ਅੱਗ ਲੱਗ ਗਈ। ਕੁਝ ਹੀ ਪਲਾਂ ਵਿੱਚ ਧੂੰਆਂ ਫੈਲ ਗਿਆ ਅਤੇ ਬੱਸ ਦੇ ਅੰਦਰ ਹਫੜਾ-ਦਫੜੀ ਮੱਚ ਗਈ।
ਯਾਤਰੀਆਂ ਨੇ ਜਿਵੇਂ ਹੀ ਧੂੰਆਂ ਵੇਖਿਆ, ਉਹ ਸੀਟਾਂ ਤੋਂ ਉੱਠ ਕੇ ਬਾਹਰ ਵੱਲ ਭੱਜੇ। ਜਦੋਂ ਤੱਕ ਅੱਗ ਨੇ ਬੱਸ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲਿਆ, ਜ਼ਿਆਦਾਤਰ ਯਾਤਰੀ ਬਾਹਰ ਨਿਕਲ ਚੁੱਕੇ ਸਨ। ਹਾਲਾਂਕਿ, ਯਾਤਰੀਆਂ ਦਾ ਸਾਮਾਨ ਬੱਸ ਵਿੱਚ ਹੀ ਰਹਿ ਗਿਆ ਅਤੇ ਸੜ ਕੇ ਸੁਆਹ ਹੋ ਗਿਆ।ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਤੁਰੰਤ ਦਿੱਤੀ ਗਈ, ਪਰ ਦਮਕਲ ਨੂੰ ਮੌਕੇ ‘ਤੇ ਪਹੁੰਚਣ ਵਿੱਚ ਲਗਭਗ ਅੱਧਾ ਘੰਟਾ ਲੱਗ ਗਿਆ। ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ। ਮੌਕੇ ‘ਤੇ ਮਹੂ ਅਤੇ ਪੀਥਮਪੁਰ ਪੁਲਿਸ ਵੀ ਪਹੁੰਚ ਗਈ ਅਤੇ ਰਾਹਤ ਕਾਰਜਾਂ ਵਿੱਚ ਜੁਟ ਗਈ।
