ਹਰਿਆਣਾ ਦੇ ਨਵੇਂ ਰਾਜਪਾਲ ਵਜੋਂ ਅੱਜ ਚੁੱਕਣਗੇ ਸਹੁੰ;ਅਸੀਮ ਘੋਸ਼ ਰਾਜਪਾਲ ਵਜੋਂ ਲੈਣਗੇ ਹਲਫ਼ 

ਨਿਊਜ਼ ਪੰਜਾਬ

21 ਜੁਲਾਈ 2025

ਹਰਿਆਣਾ‘ਚ ਅੱਜ ਅਸੀਮ ਘੋਸ਼ (81) ਰਾਜ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਰਾਜਪਾਲ ਦੇ ਅਹੁਦੇ ਦੀ ਸਹੁੰ ਚੁੱਕਣਗੇ। ਉਹ ਬੰਡਾਰੂ ਦੱਤਾਤ੍ਰੇਅ ਦੀ ਥਾਂ ਲੈਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਸ਼ੀਲ ਨਾਗੂ ਨਵੇਂ ਰਾਜਪਾਲ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਇਹ ਨਿਯੁਕਤੀ ਉਸ ਮਿਤੀ ਤੋਂ ਪ੍ਰਭਾਵੀ ਹੋਵੇਗੀ ਜਿਸ ਦਿਨ ਉਹ ਅਹੁਦਾ ਸੰਭਾਲਣਗੇ।

ਹਰਿਆਣਾ ਦੇ ਨਵੇਂ ਰਾਜਪਾਲ ਅਸੀਮ ਘੋਸ਼ ਸ਼ਨੀਵਾਰ ਨੂੰ ਚੰਡੀਗੜ੍ਹ ਰਾਜ ਭਵਨ ਪਹੁੰਚੇ। ਚੰਡੀਗੜ੍ਹ ਪਹੁੰਚਣ ‘ਤੇ ਮੁੱਖ ਮੰਤਰੀ ਨਾਇਬ ਸੈਣੀ, ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮਹਾਨ ਲੋਕਾਂ ਲਈ ਕੰਮ ਕਰਨਾ ਮੇਰੀ ਪਹਿਲੀ ਤਰਜੀਹ ਹੋਵੇਗੀ। ਮੈਂ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਾਂਗਾ ਤਾਂ ਜੋ ਆਮ ਲੋਕਾਂ ਨੂੰ ਲਾਭ ਮਿਲ ਸਕੇ। ਵਿਰੋਧੀ ਧਿਰ ਦੇ ਸੁਝਾਵਾਂ ਨੂੰ ਸੁਣਨਾ ਵੀ ਮੇਰੀ ਜ਼ਿੰਮੇਵਾਰੀ ਹੈ

ਦੱਸ ਦਈਏ ਕਿ ਲੰਬੇ ਸਮੇ ਤੋਂ ਰਾਜਨੀਤੀ ਤੋਂ ਦੂਰ ਰਹਿਣ ਤੋਂ ਬਾਅਦ, ਪੱਛਮੀ ਬੰਗਾਲ ਦੇ ਦਿੱਗਜ ਭਾਜਪਾ ਨੇਤਾ ਅਸੀਮ ਘੋਸ਼ ਨੂੰ ਹਾਲ ਹੀ ਵਿੱਚ ਹਰਿਆਣਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ।ਅਸੀਮ ਘੋਸ਼ ਨੇ 14 ਜੁਲਾਈ ਨੂੰ ਕੋਲਕਾਤਾ ਵਿੱਚ ਪੱਤਰਕਾਰਾਂ ਨੂੰ ਕਿਹਾ, “ਇਹ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ ਅਤੇ ਮੈਂ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਹਰਿਆਣਾ ਦੇ ਲੋਕਾਂ ਦੀ ਸੇਵਾ ਲਈ ਪੂਰੀ ਲਗਨ ਨਾਲ ਕੰਮ ਕਰਾਂਗਾ।”