ਨਿਊਜ਼ ਪੰਜਾਬ
21 ਜੁਲਾਈ 2025
ਤਰਨਤਾਰਨ ਪੁਲਿਸ ਵਿਚਾਲੇ ਐਤਵਾਰ-ਸੋਮਵਾਰ ਦੀ ਰਾਤ ਸੁਪਾਰੀ ਸ਼ੂਟਰ ਦਰਮਿਆਨ ਮੁਕਾਬਲਾ ਹੋਇਆ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਗੋਲ਼ੀ ਲੱਗਣ ਨਾਲ ਸ਼ੂਟਰ ਜ਼ਖ਼ਮੀ ਹੋ ਗਿਆ ਹੈ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਮੁਲਜ਼ਮ ਕੋਲੋਂ ਪਿਸਤੌਲ ਵੀ ਬਰਾਮਦ ਹੋਇਆ ਹੈ। ਸ਼ੂਟਰ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਰਾਜੋਕੇ ਤਰਨਤਾਰਨ ਵਜੋਂ ਹੋਈ ਹੈ।
ਪੁਲਿਸ ਵੱਲੋਂ ਫੜੇ ਗਏ ਗੈਂਗਸਟਰ ਦੇ ਗੁਰਗੇ ਕੋਲੋਂ ਇੱਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਰਾਜੋਕੇ ਤਰਨਤਾਰਨ ਵਜੋਂ ਹੋਈ ਹੈ। ਫੜਿਆ ਗਿਆ ਬਦਮਾਸ਼ ਫਿਰੋਤੀ ਨਾ ਦੇਣ ‘ਤੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦਾ ਸੀ।
ਐੱਸਐੱਸਪੀ ਦੀਪਕ ਪਾਰਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਮੁਲਜ਼ਮ ਜੋ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਹਰੀਕੇ ਦੇ ਕਹਿਣ ਉਤੇ ਫਿਰੌਤੀਆਂ ਮੰਗਣ ਦਾ ਕੰਮ ਕਰਦਾ ਹੈ ਅਤੇ ਇਲਾਕੇ ਵਿੱਚ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੂਚਨਾ ਦੇ ਆਧਾਰ ਉੱਪਰ ਪਿੰਡ ਭੁੱਲਰ ਨਹਿਰ ਨਜ਼ਦੀਕ ਨਾਕਾ ਲਗਾਇਆ ਤਾਂ ਇਕ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜਿਸ ਨੇ ਪੁਲਿਸ ਪਾਰਟੀ ਉਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਸੁਪਾਰੀ ਸ਼ੂਟਰ ਲੱਤ ‘ਚ ਗੋਲ਼ੀ ਲੱਗਣ ਨਾਲ ਜ਼ਖਮੀ ਹੋ ਗਿਆ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਇਹ ਮੁਲਜ਼ਮ ਬੀਤੇ ਦਿਨੀਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਬੀਰ ਸਿੰਘ ਦਾ ਸਾਥੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਵੱਲੋਂ ਫਿਰੌਤੀ ਲਈ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਅਗਲੀ ਪੁੱਛਗਿੱਛ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
