ਜ਼ਿਲ੍ਹਾ ਮੈਜਿਸਟ੍ਰੇਟ ਨੇ ਜੈਨ ਸਟ੍ਰੀਟ ਰਾਹੋਂ ਨੂੰ ਕੰਨਟੇਨਮੈਂਟ ਜ਼ੋਨ ਐਲਾਨਿਆ – ਰੌਂਤਾ ਮੁਹੱਲਾ ਰਾਹੋਂ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਬਣਾਇਆ
ਨਿਊਜ਼ ਪੰਜਾਬ
ਨਵਾਂਸ਼ਹਿਰ, 7 ਜੁਲਾਈ- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਰਾਹੋਂ ਦੀ ਜੈਨ ਸਟ੍ਰੀਟ ਨੂੰ ਕੰਨਟੇਨਮੈਂਟ ਜੌਨ ਅਤੇ ਮੁਹੱਲਾ ਰੌਂਤਾ ਨੂੰ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ। ਇਹ ਫੈਸਲਾ ਕੋਰਨਾ ਵਾਇਰਸ ਦੀ ਇਨ੍ਹਾਂ ਇਲਾਕਿਆਂ ’ਚ ਰੋਕਥਾਮ ਦੇ ਉਦੇਸ਼ ਨਾਲ ਲਿਆ ਗਿਆ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਇਲਾਕਿਆਂ ’ਚ ਸਰਕਾਰ ਵੱਲੋਂ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੰਨਟੇਨਮੈਂਟ ਪਲਾਨ ਅਤੇ ਐਡਵਾਇਜ਼ਰੀ ਲਾਗੂ ਰਹੇਗੀ, ਜਿਸ ਤਹਿਤ ਉਕਤ ਇਲਾਕੇ ਪੂਰੀ ਤਰ੍ਹਾਂ ਸੀਲ ਰਹਿਣਗੇ। ਇਨ੍ਹਾਂ ਇਲਾਕਿਆਂ ’ਚ
ਲੋਕਾਂ ਦੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਸਕੂਲ, ਦਫ਼ਤਰ ਬੰਦ ਰਹਿਣਗੇ ਅਤੇ ਲੋਕਾਂ ਦਾ ਇਕੱਠ ਹੋਣ ’ਤੇ ਪੂਰਨ ਪਾਬੰਦੀ ਹੋਵੇਗੀ। ਇਨ੍ਹਾਂ ਇਲਾਕਿਆਂ ’ਚ ਸਰਕਾਰੀ ਤੇ ਮੈਡੀਕਲ ਵਾਹਨਾਂ ਨੂੰ ਛੱਡ ਕੇ, ਦੂਸਰੇ ਵਾਹਨਾਂ ਦੇ ਚੱਲਣ ’ਤੇ ਪਾਬੰਦੀ ਰਹੇਗੀ। ਉਕਤ ਇਲਾਕੇ ’ਚ ਕੋਵਿਡ-19 ਸਬੰਧੀ ਸਿਹਤ ਵਿਭਾਗ ਵੱਲੋਂ ਘਰ-ਘਰ ਸਰਵੇਖਣ ਕਰਕੇ ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਸੂਚੀ ਬਣਾਈ ਜਾਵੇਗੀ। ਇਨ੍ਹਾਂ ਇਲਾਕਿਆਂ ’ਚ ਕੋਵਿਡ-19 ਦੇ ਸ਼ੱਕੀ ਕੇਸਾਂ ਨੂੰ ਘਰਾਂ ’ਚ ਇਕਾਂਸਵਾਸ ਕੀਤਾ ਜਾਵੇਗਾ। ਇਨ੍ਹਾਂ ਇਲਾਕਿਆਂ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਮੈਡੀਕਲ ਸਹੂਲਤਾਂ ਜਾਰੀ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 3 ਜੁਲਾਈ ਨੂੰ ਕੰਨਟੇਨਮੈਂਟ ਜ਼ੋਨ ਅਤੇ ਬਫ਼ਰ ਜ਼ੋਨ ’ਚ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਵਾਉਣ ਲਈ ਬਣਾਈ ਗਈ ਜ਼ਿਲ੍ਹਾ ਯੋਜਨਾ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।