ਸਰਕਾਰ ਨੇ ਹਾਊਸ/ਪ੍ਰਾਪਰਟੀ ਟੈਕਸਾਂ ਦੇ ਬਕਾਏ ਬਿਨਾਂ ਵਿਆਜ ਜਮ੍ਹਾਂ ਕਰਵਾਉਣ ਦੀ ਮਿਆਦ ਵਧਾਈ – ਪੜ੍ਹੋ ਕਦੋ ਤੱਕ ਜਮ੍ਹਾ ਹੋ ਸਕਦਾ ਟੈਕਸ
ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਸਕੀਮ ਦਾ ਲਾਭ ਲੈਣ ਦੀ ਅਪੀਲ
ਨਿਊਜ਼ ਪੰਜਾਬ
ਨਵਾਂਸ਼ਹਿਰ, 7 ਜੁਲਾਈ- ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਮਹਿਕਮੇ ਨੇ ਸ਼ਹਿਰੀ ਸੰਸਥਾਂਵਾਂ ’ਚ ਬਕਾਇਆ ਖੜ੍ਹੇ ਹਾਊਸ ਟੈਕਸ/ਪ੍ਰਾਪਰਟੀ ਟੈਕਸ ਬਿਨਾਂ ਵਿਆਜ ਜਮ੍ਹਾਂ ਕਰਵਾਉਣ ਦਾ ਇੱੱਕ ਹੋਰ ਮੌਕਾ ਦਿੰਦਿਆਂ ਅੰਤਮ ਤਾਰੀਖ ’ਚ 31 ਜੁਲਾਈ ਤੱਕ ਦਾ ਵਾਧਾ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ 31 ਜੁਲਾਈ ਤੱਕ ਜਮ੍ਹਾਂ ਕਰਵਾਉਣ ’ਤੇ ਸਬੰਧਤ ਵਿਅਕਤੀ ਨੂੰ ਬਿਨਾਂ ਵਿਆਜ ਅਤੇ ਬਿਨਾਂ ਜੁਰਮਾਨੇ ਤੋਂ ਬਣਦੀ ਟੈਕਸ ਦੀ ਰਕਮ 10 ਫ਼ੀਸਦੀ ਦੀ ਛੋਟ ਨਾਲ ਜਮ੍ਹਾਂ ਕਰਵਾਉਣ ਦਾ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ 31 ਜੁਲਾਈ ਤੱਕ ਵੀ ਟੈਕਸ ਜਮ੍ਹਾਂ ਨਹੀਂ ਕਰਵਾਉਂਦਾ, ਉਸ ਨੂੰ ਅਗਲੇ ਤਿੰਨ ਮਹੀਨੇ ਦੌਰਾਨ ਮੂਲ ਰਕਮ ’ਤੇ 10 ਫ਼ੀਸਦੀ ਜੁਰਮਾਨੇ ਨਾਲ ਬਕਾਇਆ ਜਮ੍ਹਾਂ ਕਰਵਾਉਣ ਦੀ ਮਨਜੂਰੀ ਮਿਲੇਗੀ।
ਜੇਕਰ ਕੋਈ ਵਿਅਕਤੀ ਉਕਤ ਦੋਵਾਂ ਸਮਾਂ-ਸੀਮਾਵਾਂ ’ਤੇ ਆਪਣਾ ਬਕਾਇਆ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਬਾਅਦ ਵਿੱਚ ਉਸ ਨੂੰ ਬਣਦੀ ਰਕਮ ’ਤੇ 20 ਫ਼ੀਸਦੀ ਜੁਰਮਾਨਾ ਅਤੇ ਬਕਾਏ ਦੀ ਮਿਤੀ ਤੋਂ 18 ਫ਼ੀਸਦੀ ਵਿਆਜ ਸਮੇਤ ਆਪਣਾ ਟੈਕਸ ਜਮ੍ਹਾਂ ਕਰਵਾਉਣਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਨਵਾਂਸ਼ਹਿਰ, ਰਾਹੋਂ, ਬੰਗਾ ਅਤੇ ਬਲਾਚੌਰ ਦੀ ਹਦੂਦ ’ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਬਕਾਇਆ ਹਾਊਸ/ਪ੍ਰਾਪਰਟੀ ਟੈਕਸ ਸਰਕਾਰ ਦੀ ਉਕਤ ਛੋਟ ਯੋਜਨਾ ਤਹਿਤ ਤੁਰੰਤ ਜਮ੍ਹਾਂ ਕਰਵਾ ਕੇ, ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ।