ਮੁੱਖ ਖ਼ਬਰਾਂਪੰਜਾਬ

ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ‘ਤੇ ਪਾਬੰਦੀ ਹੁਕਮ ਜਾਰੀ

ਨਿਊਜ਼ ਪੰਜਾਬ

ਲੁਧਿਆਣਾ, 03 ਅਪ੍ਰੈਲ 2025

ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 (ਬੀ.ਐਨ.ਐਸ.ਐਸ) ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਲੁਧਿਆਣਾ ਅੰਦਰ ਸ਼ਾਮ 7:00 ਵਜੇ ਤੋਂ ਸਵੇਰੇ 7:00 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ।

ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਕਣਕ ਦੀ ਕਟਾਈ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਹਾਰਵੈਸਟਰ ਕੰਬਾਇਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਖੇਤੀਬਾੜੀ ਵਿਭਾਗ ਰਾਹੀਂ ਅਪਰੇਸ਼ਨ ਵਰਦੀਨੈਸ ਬਾਰੇ ਇੰਸਪੇਕਸ਼ਨ ਕਰਵਾਉਣੀ ਲਾਜਮੀ ਹੋਵੇਗੀ ਅਤੇ ਕੋਈ ਵੀ ਕੰਬਾਇਨ ਹਾਰਵੈਸਟਰ ਸੁਪਰ ਐਸ.ਐਮ.ਐਸ. ਲਗਾਏ ਬਗੈਰ ਨਹੀਂ ਵਰਤੀ ਜਾਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਆਮ ਤੌਰ ‘ਤੇ ਕਣਕ ਕੱਟਣ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ, ਇਸ ਲਈ ਰਾਤ ਸਮੇਂ ਕੰਬਾਇਨਾਂ ਚੱਲਣ ਨਾਲ ਜਾਨ-ਮਾਲ ਦਾ ਨੁਕਸਾਨ ਹੋਣ ਦਾ ਅਤੇ ਦੁਰਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕੰਬਾਈਨਾਂ ਨਾਲ ਰਾਤ ਵੇਲੇ ਹਰੀ ਕਣਕ ਜਿਹੜੀ ਕਿ ਚੰਗੀ ਤਰ੍ਹਾਂ ਪੱਕੀ ਨਹੀਂ ਹੁੰਦੀ, ਉਸ ਦੀ ਕਟਾਈ ਕਰ ਦਿੱਤੀ ਜਾਂਦੀ ਹੈ ਅਤੇ ਹਰੀ ਕੱਟੀ ਹੋਈ ਕਣਕ ਸੁੱਕਣ ‘ਤੇ ਕਾਲੀ ਪੈ ਜਾਂਦੀ ਹੈ। ਕਾਲੀ ਅਤੇ ਗਿੱਲੀ ਕਣਕ ਦੀ ਮੰਡੀਆਂ ਵਿੱਚ ਵਿਕਰੀ ਦੀ ਦਿੱਕਤ ਆਉਂਦੀ ਹੈ ਜਿਸ ਕਰਕੇ ਕਈ ਵਾਰ ਲਾਅ ਐਂਡ ਆਰਡਰ ਭੰਗ ਹੋਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਕਈ ਥਾਵਾਂ ਉੱਪਰ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਈਨਾਂ ਵੀ ਫਸਲ ਦੀ ਕਟਾਈ ਲਈ ਵਰਤੀਆਂ ਜਾਂਦੀਆਂ ਹਨ, ਮਕੈਨੀਕਲ ਨੁਕਸ ਹੋਣ ਕਾਰਨ ਕਣਕ ਦੀ ਕੁਆਲਟੀ ਪ੍ਰਭਾਵਿਤ ਹੁੰਦੀ ਹੈ, ਜਿਸ ਕਰਕੇ ਖ਼ਰੀਦ ਏਜੰਸੀਆਂ ਵੱਲੋਂ ਇਸ ਦੀ ਖਰੀਦ ਕਰਨ ਤੋਂ ਮਨਾਹੀ ਕੀਤੀ ਜਾਂਦੀ ਹੈ ਜਿਸਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਅਤੇ ਉਸ ਦਾ ਅਸਿੱਧੇ ਤੌਰ ‘ਤੇ ਦੇਸ਼ ਦੇ ਕਣਕ ਉਤਪਾਦਨ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਕਰਕੇ ਇਹ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ।

ਇਹ ਹੁਕਮ ਮਿਤੀ 01 ਅਪ੍ਰੈਲ ਤੋਂ 31 ਮਈ, 2025 ਤੱਕ ਲਾਗੂ ਰਹੇਗਾ।