ਕੋਰੋਨਾ ਵਾਇਰਸ ਹਵਾ ਰਾਹੀਂ ਫੈਲਦਾ ਹੈ ਬਾਰੇ ਵਿਸ਼ਵ ਸਿਹਤ ਸੰਗਠਨ ਜਾਰੀ ਕਰੇਗਾ ਹਦਾਇਤਨਾਮਾਂ

ਨਿਊਜ਼ ਪੰਜਾਬ
ਵਿਸ਼ਵ ਸਿਹਤ ਸੰਗਠਨ ਦੇ ਕੋਵਿਡ-19 ਦੀ ਤਕਨੀਕੀ ਟੀਮ ਦੀ ਅਗਵਾਈ ਕਰ ਰਹੀ ਮਾਰੀਆ ਵੈਨ ਨੇ  32 ਦੇਸ਼ਾਂ ਦੇ 239 ਵਿਗਿਆਨੀਆਂ ਵਲੋਂ ਕੀਤੇ ਦਾਅਵੇ ” ਕਿ ਇਸ ਗੱਲ ਦੇ ਸਬੂਤ ਹਨ ਕਿ ਕੋਰੋਨਾ ਵਾਇਰਸ ਦੇ ਅਣੂ ਹਵਾ ਵਿੱਚ ਤੈਰਦੇ ਹਨ” ਸਬੰਧੀ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਹਵਾ ਰਾਹੀਂ ਲਾਗ ਫੈਲਣ ਬਾਰੇ ਜਾਂਚ ਜਾਰੀ ਹੈ।ਉਨ੍ਹਾਂ  ਮੰਨਿਆ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦਾ ਹਵਾ ਵਿਚ  ਫੈਲਣ ਦਾ ਸਬੂਤ ਹੈ ਪਰ ਇਹ ਨਿਰਣਾਇਕ ਨਹੀਂ ਹੈ। ਪਰ, ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਬਾਰੇ ਪਹਿਲਾ ਬਿਆਨ ਦਿੱਤਾ ਸੀ ਕਿ ਇਹ ਬੂੰਦਾਂ ਰਾਹੀਂ ਹੋਰਨਾਂ ਲੋਕਾਂ ਤੱਕ ਫੈਲਦਾ ਹੈ  ਜਦੋਂ ਕੋਈ ਛਿੱਕਾਂ ਜਾਂ ਖੰਘ ਕਰਦਾ ਹੈ ।
ਜਰਨਲ ਆਫ ਕਲੀਨਿਕਲ ਇਨਫਾਰਮੈਟਿਕਸ ਡਿਜ਼ੀਜ਼ ਵਿੱਚ ਇੱਕ ਲੇਖ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿੱਚ 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਕੋਰੋਨਾ ਵਾਇਰਸ ਦੇ ਅਣੂ ਹਵਾ ਵਿੱਚ ਤੈਰਦੇ ਹਨ ਅਤੇ ਜਦੋਂ ਕੋਈ ਵਿਅਕਤੀ ਸਾਹ ਲੈ ਰਿਹਾ ਹੈ ਤਾਂ ਸਰੀਰ ਵਿੱਚ ਚਲਾ ਜਾਂਦਾ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ।
ਮਾਰੀਆ ਵੈਨ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਆਉਣ ਵਾਲੇ ਦਿਨਾਂ ਵਿੱਚ ਵਾਇਰਸ ਦੀ ਲਾਗ ਬਾਰੇ ਇੱਕ ਵਿਸਤਰਿਤ ਰਿਪੋਰਟ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਲਾਗ ਤੋਂ ਬਚਣ ਲਈ  ਵਿਸਤਾਰ ਨਾਲ ਹਦਾਇਤਾਂ ਜਾਰੀ ਕਰਨ ਦੀ ਲੋੜ ਪਵੇਗੀ। ਇਸ ਵਿੱਚ ਨਾ ਕੇਵਲ ਸਰੀਰਕ ਦੂਰੀ ਸ਼ਾਮਲ ਹੋਵੇਗੀ, ਸਗੋਂ ਕੁਝ ਵਿਸ਼ੇਸ਼ ਸਥਾਨਾਂ ਵਾਸਤੇ ਮਾਸਕ ਵੀ ਪਹਿਨਣਾ  ਜ਼ਰੂਰੀ ਹੋਵੇਗਾ।