ਮੁੱਖ ਖ਼ਬਰਾਂਪੰਜਾਬਅੰਤਰਰਾਸ਼ਟਰੀ

USA Tariff : ਅਮਰੀਕਾ ਨੇ ਭਾਰਤ ਸਣੇ 75 ਮੁਲਕਾਂ ‘ਤੇ ਲਾਏ ਵਾਧੂ ਟੈਰਿਫ਼ ਨੂੰ 90 ਦਿਨਾਂ ਲਈ ਰੋਕਿਆ – ਚੀਨ ਨਾਲ ਟਰੇਡ ਵਾਰ ਸ਼ੁਰੂ, 125 ਪ੍ਰਤੀਸ਼ਤ ਟੈਰਿਫ਼ ਲਾਗੂ ਕੀਤਾ 

ਵਾਸ਼ਿੰਗਟਨ, 9 ਅਪਰੈਲ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਹੁਕਮਾਂ ਵਿੱਚ ਵੱਡੀ ਤਬਦੀਲੀ ਕਰਦਿਆਂ ਭਾਰਤ ਸਣੇ 75 ਮੁਲਕਾਂ ‘ਤੇ ਲਾਏ ਵਾਧੂ ਟੈਰਿਫ਼ ਨੂੰ ਲਾਗੂ ਕਰਨ ‘ਤੇ ਅਗਲੇ 90 ਦਿਨਾਂ ਲਈ ਰੋਕ ਲਾ ਦਿੱਤੀ ਹੈ।ਪ੍ਰੰਤੂ ਚੀਨ ਨੂੰ ਇਸ ਆਰਜ਼ੀ ਰਾਹਤ ਤੋਂ ਛੋਟ ਦੇਣ ਦੀ ਥਾਂ ਚੀਨੀ ਦਰਾਮਦਾਂ ‘ਤੇ 125 ਪ੍ਰਤੀਸ਼ਤ ਟੈਕਸ ਵਧਾ ਦਿੱਤਾ ਹੈ ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਪੱਧਰ ‘ਤੇ ਅਮਰੀਕੀ ਉਤਪਾਦਾਂ ‘ਤੇ ਲਗਾਏ ਗਏ ਉੱਚ ਟੈਕਸਾਂ ਦੇ ਮੁਕਾਬਲੇ ਲਈ 2 ਅਪਰੈਲ ਨੂੰ ਭਾਰਤ ਸਣੇ ਕਈ ਮੁਲਕਾਂ ‘ਤੇ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਉਦੋਂ ਕਿਹਾ ਸੀ, “ਇਹ ਮੁਕਤੀ ਦਿਹਾੜਾ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਦੋ ਅਪਰੈਲ 2025 ਨੂੰ ਹਮੇਸ਼ਾ ਲਈ ਉਸ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਿਸ ਦਿਨ ਅਮਰੀਕੀ ਉਦਯੋਗ ਦਾ ਪੁਨਰ ਜਨਮ ਹੋਇਆ, ਜਿਸ ਦਿਨ ਅਮਰੀਕਾ ਦੇ ਭਾਗ ਮੁੜ ਖੁੱਲ੍ਹੇ, ਜਿਸ ਦਿਨ ਅਸੀਂ ਅਮਰੀਕਾ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ। ਅਸੀਂ ਅਮਰੀਕਾ ਨੂੰ ਖ਼ੁਸ਼ਹਾਲ, ਚੰਗਾ ਤੇ ਸਮਰਿੱਧ ਬਣਾਉਣ ਜਾ ਰਹੇ ਹਾਂ।”

ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਿਹਾ ਵਪਾਰ ਯੁੱਧ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਚੀਨ ਨੇ ਅੱਜ ਅਮਰੀਕਾ ‘ਤੇ 84 ਪ੍ਰਤੀਸ਼ਤ ਦਾ ਜਵਾਬੀ ਟੈਰਿਫ ਲਗਾਇਆ। ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਵਿਰੁੱਧ ਫਿਰ ਤੋਂ ਟੈਰਿਫ ਵਧਾ ਦਿੱਤਾ ਹੈ। ਟਰੰਪ ਨੇ ਚੀਨ ਵਿਰੁੱਧ ਟੈਰਿਫ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਦੇ ਨਾਲ ਹੀ, 75 ਦੇਸ਼ਾਂ ਲਈ 90 ਦਿਨਾਂ ਲਈ ਟੈਰਿਫ ਰਾਹਤ ਦਾ ਵੀ ਐਲਾਨ ਕੀਤਾ ਗਿਆ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ‘ਚੀਨ ਨੇ ਦੁਨੀਆ ਦੇ ਬਾਜ਼ਾਰਾਂ ਪ੍ਰਤੀ ਸਤਿਕਾਰ ਨਹੀਂ ਦਿਖਾਇਆ।’ ਇਸ ਦੇ ਮੱਦੇਨਜ਼ਰ, ਮੈਂ ਅਮਰੀਕਾ ਵੱਲੋਂ ਚੀਨ ‘ਤੇ ਲਗਾਏ ਗਏ ਟੈਰਿਫ ਵਿੱਚ 125 ਪ੍ਰਤੀਸ਼ਤ ਵਾਧਾ ਕਰ ਰਿਹਾ ਹਾਂ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਉਮੀਦ ਹੈ ਕਿ ਭਵਿੱਖ ਵਿੱਚ ਚੀਨ ਸਮਝ ਜਾਵੇਗਾ ਕਿ ਉਹ ਹੁਣ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਧੋਖਾ ਨਹੀਂ ਦੇ ਸਕਦਾ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ, ‘ਇਸ ਦੇ ਉਲਟ, ਇਹ ਵਿਚਾਰ ਕਰਦੇ ਹੋਏ ਕਿ 75 ਤੋਂ ਵੱਧ ਦੇਸ਼ਾਂ ਨੇ ਅਮਰੀਕੀ ਵਪਾਰ ਪ੍ਰਤੀਨਿਧੀ, ਵਣਜ ਵਿਭਾਗ, ਖਜ਼ਾਨਾ ਵਿਭਾਗ ਨੂੰ ਵਪਾਰ, ਟੈਰਿਫ, ਮੁਦਰਾ ਹੇਰਾਫੇਰੀ ਅਤੇ ਵਪਾਰ ਨਾਲ ਸਬੰਧਤ ਹੋਰ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਕਿਹਾ ਹੈ।’ ਇਨ੍ਹਾਂ ਦੇਸ਼ਾਂ ਨੇ ਮੇਰੀ ਸਲਾਹ ਦਾ ਸਤਿਕਾਰ ਕਰਦੇ ਹੋਏ ਅਮਰੀਕਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ, ਇਸ ਲਈ ਮੈਂ ਉਨ੍ਹਾਂ ‘ਤੇ ਟੈਰਿਫ ਵਧਾਉਣ ਦੇ ਫੈਸਲੇ ਨੂੰ 90 ਦਿਨਾਂ ਲਈ ਰੋਕ ਦਿੱਤਾ ਹੈ ਅਤੇ ਇਸ ਸਮੇਂ ਦੌਰਾਨ ਮੈਂ ਟੈਰਿਫਾਂ ਵਿੱਚ 10 ਪ੍ਰਤੀਸ਼ਤ ਦੀ ਕਟੌਤੀ ਕਰ ਦਿੱਤੀ ਹੈ, ਜੋ ਤੁਰੰਤ ਲਾਗੂ ਹੋਵੇਗੀ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ।