ਗੁਰਦਾਸਪੁਰ ਵਿੱਚ ਕੋਲਡ ਡਰਿੰਕ ਤੇ ਕਨਫੈਕਸ਼ਨਰੀ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ; ਲੱਖਾਂ ਦਾ ਸਾਮਾਨ ਸੜ ਕੇ ਸੁਆਹ 

ਨਿਊਜ਼ ਪੰਜਾਬ

ਗੁਰਦਾਸਪੁਰ :3 ਅਪ੍ਰੈਲ 2025

ਗੁਰਦਾਸਪੁਰ ਸ਼ਹਿਰ ਦੇ ਮੇਹਰ ਚੰਦ ਰੋਡ ਉਤੇ ਸਥਿਤ ਇੱਕ ਕੋਲਡ ਡਰਿੰਕ ਤੇ ਕਨਫੈਕਸ਼ਨਰੀ ਆਇਟਮਸ ਦੇ ਗੁਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਚਸ਼ਮਦੀਦਾਂ ਮੁਤਾਬਕ ਜਦੋਂ ਗੁਦਾਮ ਨੂੰ ਅੱਗ ਲੱਗੀ ਤਾਂ ਅੰਦਰੋਂ ਪਟਾਕੇ ਵਰਗੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਪਟਾਕੇ ਦੇ ਗੁਦਾਮ ਨੂੰ ਅੱਗ ਲੱਗੀ ਹੈ ਜਦਕਿ ਅਸਲੀਅਤ ਇਹ ਸੀ ਕਿ ਕੋਲਡ ਡਰਿੰਕ ਦੀਆਂ ਬੋਤਲਾਂ ਫਟਣ ਨਾਲ ਪਟਾਕਿਆਂ ਵਰਗੀ ਆਵਾਜ਼ ਆਈ ਸੀ। ਉੱਥੇ ਹੀ ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਬੀਐਸਐਫ ਦੀ ਗੱਡੀ ਵੀ ਪਹੁੰਚ ਗਈ।

ਅੱਗ ਐਨੀ ਭਿਆਨਕ ਸੀ ਕਿ ਬਟਾਲਾ ਤੋਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਮੰਗਾਉਣੀ ਪਈ ਅਤੇ ਲਗਾਤਾਰ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾ ਲਿਆ ਗਿਆ ਜਿਸ ਵਿੱਚ ਬੀਐਸਐਫ ਦਾ ਵੀ ਭਰਪੂਰ ਸਹਿਯੋਗ ਰਿਹਾ। ਹਾਲਾਂਕਿ ਭਿਆਨਕ ਅੱਗ ਕਾਰਨ ਗੁਦਾਮ ਦੇ ਉੱਪਰਲੀ ਮੰਜ਼ਿਲ ਤੇ ਸਾਰੇ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਹੇਠਾਂ ਵਾਲੀ ਮੰਜ਼ਿਲ ਤੱਕ ਅੱਗ ਫੈਲਣ ਤੋਂ ਫਾਇਰ ਬ੍ਰਿਗੇਡ ਤੇ ਬੀਐਸਐਫ ਨੇ ਬਚਾ ਲਈ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਅਤੇ ਐਸਡੀਐਮ ਵੀ ਪਹੁੰਚੇ ਸਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।