ਦਿੱਲੀ ਦੀ ਜੁੱਤਿਆਂ ਦੀ ਫੈਕਟਰੀ ‘ਚ ਭਿਆਨਕ ਅੱਗ, 4 ਲੋਕਾਂ ਦੀ ਮੌਤ, ਕਈ ਜ਼ਖਮੀ

ਨਿਊਜ਼ ਪੰਜਾਬ

31 ਅਕਤੂਬਰ,2026

ਦਿੱਲੀ ਦੇ ਮੰਗੋਲਪੁਰੀ ਇੰਡਸਟਰੀਅਲ ਏਰੀਆ ਵਿੱਚ ਸ਼ੁੱਕਰਵਾਰ ਰਾਤ ਨੂੰ ਜੁੱਤਿਆਂ ਦੀ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦਰਦਨਾਕ ਘਟਨਾ ਵਿੱਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ 20 ਫਾਇਰ ਇੰਜਣ ਅਤੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਅੱਗ ਬੇਸਮੈਂਟ ਵਿੱਚ ਲੱਗੀ ਸੀ, ਜਿਸ ਦਾ ਧੂੰਆਂ ਉੱਪਰਲੀਆਂ ਚਾਰ ਮੰਜ਼ਿਲਾਂ ਤੱਕ ਫੈਲ ਗਿਆ। ਇਸ ਕਾਰਨ ਕਈ ਲੋਕ ਬੇਹੋਸ਼ ਹੋ ਗਏ। ਪੁਲਿਸ ਨੇ ਛੇ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢ ਕੇ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਵਿੱਚ ਦਾਖਲ ਕਰਵਾਇਆ। ਫਾਇਰ ਵਿਭਾਗ ਮੁਤਾਬਕ ਰਾਤ ਕਰੀਬ 9:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਡੀਸੀਪੀ ਵਿਕਰਮ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਫੈਕਟਰੀ ਮਾਲਕ, ਠੇਕੇਦਾਰ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸੇ ਸਮੇਂ ਫੈਕਟਰੀ ਵਿੱਚ ਕਿੰਨੇ ਮਜ਼ਦੂਰ ਮੌਜੂਦ ਸਨ ਅਤੇ ਕੋਈ ਵਿਅਕਤੀ ਅੰਦਰ ਫਸਿਆ ਤਾਂ ਨਹੀਂ ਰਹਿ ਗਿਆ।