ਮਹਿਲਾ ਪੁਲਿਸ ਕਾਂਸਟੇਬਲ ਦੀ ਥਾਰ ‘ਚੋਂ ਹੈਰੋਇਨ ਬਰਾਮਦ, ਮੁਲਜ਼ਮ ਮਹਿਲਾ ਗ੍ਰਿਫਤਾਰ
ਨਿਊਜ਼ ਪੰਜਾਬ
3 ਅਪ੍ਰੈਲ 2025
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਪੁਲਿਸ ਵਿਭਾਗ ਦੀ ਹੀ ਮਹਿਲਾ ਕਾਂਸਟੇਬਲ ਕੋਲੋਂ ਹੈਰੋਇਨ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਦੇਰ ਸ਼ਾਮ ਬਠਿੰਡਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਉੱਤੇ ਥਾਰ ਵਿੱਚ ਸਵਾਰ ਸੀਨੀਅਰ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਨੂੰ ਲਗਭਗ 18 ਗ੍ਰਾਮ ਹੈਰੋਇਨ (ਚਿੱਟਾ) ਸਣੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਵਨ ਹਰਬੰਸ ਸਿੰਘ ਧਾਲੀਵਾਲਨੇ ਦੱਸਿਆ ਗੁਪਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਚੌਂਕੀ ਵਰਤਮਾਨ ਅਤੇ ਐਨਜੀਟੀਐਫ ਦੀ ਟੀਮ ਵੱਲੋਂ ਲਾਡਲੀ ਧੀ ਚੌਂਕ ਦੇ ਨੇੜੇ ਓਵਰ ਬ੍ਰਿਜ ਥੱਲੇ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਥਾਰ ਵਿੱਚ ਸਵਾਰ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਨੂੰ ਰੋਕ ਕੇ ਜਦੋਂ ਥਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 17.71 ਮਿਲੀ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।ਇਹ ਮੁਲਜ਼ਮ ਮਹਿਲਾ ਮਾਨਸਾ ਜ਼ਿਲ੍ਹੇ ਵਿੱਚ ਸੀਨੀਅਰ ਮਹਿਲਾ ਕਾਂਸਟੇਬਲ ਵਜੋਂ ਤੈਨਾਤ ਹੈ ਅਤੇ ਟੈਂਪਰੇਰੀ ਅਟੈਚ ਬਠਿੰਡਾ ਵਿੱਚ ਡਿਊਟੀ ਕਰ ਰਹੀ ਹੈ। ਮੁਲਜ਼ਮ ਮਹਿਲਾ ਉੱਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।