ਰਾਜ ਪੱਧਰੀ ਸਮਾਗਮ – ਸਿੱਖ ਇਤਿਹਾਸ ਦੇ ਜਾਂਬਾਜ਼ ਹੀਰੇ ਬਾਬਾ ਮਹਾਰਾਜ ਸਿੰਘ ਜੀ ਦਾ ਬੁੱਤ ਪਿੰਡ ਰੱਬੋਂ ਉੱਚੀ ਵਿਖੇ ਸਥਾਪਤ ਕਰੇਗੀ ਪੰਜਾਬ ਸਰਕਾਰ
ਰਾਜ ਪੱਧਰੀ ਸਮਾਗਮ
ਬਾਬਾ ਮਹਾਰਾਜ ਸਿੰਘ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਾਬਾ ਮਹਾਰਾਜ ਸਿੰਘ ਵਰਗੀਆਂ ਦੇਸ਼ ਭਗਤ ਸਖ਼ਸ਼ੀਅਤਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਕੀਤਾ ਅਤੇ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ। ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾ ਕੇ ਪਹਿਲੇ ਸਿੱਖ ਸ਼ਹੀਦ ਦਾ ਰੁਤਬਾ ਹਾਸਿਲ ਕਰਨ ਵਾਲੇ ਭਾਈ ਮਹਾਰਾਜ ਸਿੰਘ ਜੀ ਵੱਲੋਂ ਦਰਸਾਏ ਰਸਤੇ ‘ਤੇ ਚੱਲਿਆ ਜਾਵੇ।
ਹਰਜੀਤ ਸਿੰਘ ਬਿੱਲੂ ਖੰਨਾ – ਨਿਊਜ਼ ਪੰਜਾਬ
ਪਿੰਡ ਰੱਬੋਂ ਉੱਚੀ/ਮਲੌਦ, 5 ਜੁਲਾਈ – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਾਬਾ ਮਹਾਰਾਜ ਸਿੰਘ ਨੇ ਆਪਣੇ ਜੀਵਨ ਦੌਰਾਨ ਅੰਗਰੇਜ਼ਾਂ ਵਿਰੁਧ ਵੱਖ-ਵੱਖ ਧਿਰਾਂ ਨੂੰ ਇਕੱਠਿਆਂ ਕਰਨ ‘ਤੇ ਬਹੁਤ ਜ਼ੋਰ ਲਗਾਇਆ।ਬਾਬਾ ਮਹਾਰਾਜ ਸਿੰਘ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਬਣਾਈ ਰੱਖਣ ਲਈ ਅੱਜ ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾ ਕੇ ਪਹਿਲੇ ਸਿੱਖ ਸ਼ਹੀਦ ਦਾ ਰੁਤਬਾ ਹਾਸਿਲ ਕਰਨ ਵਾਲੇ ਭਾਈ ਮਹਾਰਾਜ ਸਿੰਘ ਜੀ ਵੱਲੋਂ ਦਰਸਾਏ ਰਸਤੇ ‘ਤੇ ਚੱਲਿਆ ਜਾਵੇ।
ਉਨ੍ਹਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨੀ ਸੌਖੀ ਹੈ ਪਰ ਇਸ ਨੂੰ ਬਰਕਰਾਰ ਰੱਖਣਾ ਬਹੁਤ ਔਖਾ ਹੈ। ਬਾਬਾ ਮਹਾਰਾਜ ਸਿੰਘ ਵਰਗੀਆਂ ਦੇਸ਼ ਭਗਤ ਸਖ਼ਸ਼ੀਅਤਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਕੀਤਾ ਅਤੇ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ। ਅੱਜ ਲੋੜ ਹੈ ਕਿ ਦੇਸ਼ ਵਾਸੀ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਵੱਲੋਂ ਦਰਸਾਏ ਰਾਹ ‘ਤੇ ਚੱਲਣ।
ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਪਿੱਛਲੱਗੂ ਲੇਖਕਾਂ ਨੇ ਦੇਸ਼ ਦੇ ਆਜ਼ਾਦੀ ਸੰੰਘਰਸ਼ ਦੀ ਸ਼ੁਰੂਆਤ 1857 ਦੇ ਵਿਦਰੋਹ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਬਾਬਾ ਮਹਾਰਾਜ ਸਿੰਘ ਨੇ ਉਸ ਵੇਲੇ ਹੀ ਸ਼ੁਰੂ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਸਿੱਖ ਸਾਮਰਾਜ ਦੇ ਆਖ਼ਰੀ ਸਾਸ਼ਕ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਕੂਮਤ ਦੀ ਗ੍ਰਿਫ਼ਤ ਵਿੱਚੋਂ ਛੁਡਾਉਣ ਲਈ ਸੰਘਰਸ਼ ਵਿੱਢ ਦਿੱਤਾ ਸੀ। ਇਹ ਸਿੱਖ ਕੌਮ ਅਤੇ ਦੇਸ਼ ਦੀ ਬਦਕਿਸਮਤੀ ਹੀ ਸੀ ਕਿ ਬਾਬਾ ਮਹਾਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਬਣਾਈ ਗਈ ਯੋਜਨਾ ਦਾ ਅੰਗਰੇਜ ਹਕੂਮਤ ਨੂੰ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੈਦ ਕਰਕੇ ਸਿੰਘਾਪੁਰ ਭੇਜ ਦਿੱਤਾ ਅਤੇ ਲੱਖਾਂ ਤਸੀਹੇ ਦਿੱਤੇ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ 5 ਜੁਲਾਈ, 1856 ਨੂੰ ਉਥੇ ਹੀ ਸ਼ਹੀਦੀ ਹੋ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਗੌਰਵਮਈ ਇਤਿਹਾਸ ਨੂੰ ਸਾਂਭਣ ਲਈ ਦ੍ਰਿੜ ਸੰਕਲਪ ਹੈ ਅਤੇ ਇਸੇ ਕਰਕੇ ਹੀ ਬਾਬਾ ਮਹਾਰਾਜ ਸਿੰਘ ਜੀ ਦਾ ਬੁੱਤ ਪਿੰਡ ਰੱਬੋਂ ਉੱਚੀ ਵਿਖੇ ਸਥਾਪਤ ਕੀਤਾ ਜਾਵੇਗਾ ਤਾਂ ਜੋ ਸਿੱਖ ਇਤਿਹਾਸ ਦੇ ਜਾਂਬਾਜ਼ ਹੀਰੇ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ ਅਤੇ ਅੱਜ ਦੇ ਲੋਕ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈ ਸਕਣ। ਉਨ੍ਹਾਂ ਬਾਬਾ ਮਹਾਰਾਜ ਸਿੰਘ ਜੀ ਦੀ ਤਸਵੀਰ ‘ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ।ਉਹਨਾਂ ਪਿੰਡ ਰੱਬੋਂ ਉੱਚੀ ਵਿੱਚ ਬਾਬਾ ਮਹਾਰਾਜ ਸਿੰਘ ਜੀ ਦਾ ਬੁੱਤ ਸਥਾਪਤ ਕਰਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਦਾ ਐਲਾਨ ਕੀਤਾ।
ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਵਿਡ 19 ਕਾਰਨ ਵਿਸ਼ਵ ਭਰ ਵਿਚ ਪੈਦਾ ਹੋਈ ਮੌਜੂਦਾ ਸਥਿਤੀ ਨਾਲ ਨਿਪਟਣ ਵਿੱਚ ਪੰਜਾਬ ਨੇ ਦੇਸ਼ ਭਰ ਵਿਚ ਮਿਸਾਲ ਪੈਦਾ ਕੀਤੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਲਏ ਸਹੀ ਫੈਸਲਿਆਂ ਕਾਰਨ ਅੱਜ ਪੰਜਾਬ ਵੱਡੇ ਪੱਧਰ ਉਤੇ ਇਸ ਬਿਮਾਰੀ ਦੀ ਮਾਰ ਤੋਂ ਬਚ ਗਿਆ ਹੈ। ਉਹ ਅੱਜ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸੂਬੇ ਦੇ ਲੋਕਾਂ ਨੂੰ ਟੈਸਟ ਅਤੇ ਇਲਾਜ ਆਦਿ ਲਈ ਨਿੱਜ਼ੀ ਹਸਪਤਾਲਾਂ ਜਾਂ ਹੋਰ ਜਗ੍ਹਾ ਭਟਕਣ ਦੀ ਲੋੜ ਨਹੀਂ ਹੈ। ਸੂਬੇ ਦੇ ਸਰਕਾਰੀ ਅਦਾਰਿਆਂ ਵਿੱਚ ਰੋਜ਼ਾਨਾ 10 ਹਜ਼ਾਰ ਤੋਂ ਵਧੇਰੇ ਟੈਸਟ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਸਥਿਤ ਇਕ ਲੈਬੋਰਟਰੀ ਵੱਲੋਂ ਲੋਕਾਂ ਦੀਆਂ ਝੂਠੀਆਂ ਪਾਜੀਟਿਵ ਰਿਪੋਰਟਾਂ ਬਾਰੇ ਪੁੱਛੇ ਜਾਣ ਉਤੇ ਉਹਨਾਂ ਕਿਹਾ ਕਿ ਵਿਭਾਗ ਵਲੋਂ ਉਸ ਲੈਬ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਹੈ। ਭਵਿੱਖ ਵਿੱਚ ਵੀ ਅਜਿਹੀ ਕਿਸੇ ਲੈਬ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ।
ਉਹਨਾਂ ਇਸ ਮੌਕੇ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਦੇ ਨਾਮ ਉਤੇ ਇਕ ਮਹੀਨੇ ਵਿੱਚ ਹੈਲਥ ਐਂਡ ਵੈਲਨੈਸ ਸੈਂਟਰ ਖੋਲਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸਿਹਤ ਸਹੂਲਤਾਂ ਦਾ ਵਿਕਾਸ ਕਰਨ ਲਈ ਹਰ ਹੀਲਾ ਅਪਣਾਇਆ ਜਾ ਰਿਹਾ ਹੈ। ਸੂਬੇ ਭਰ ਵਿਚ ਅਜਿਹੇ 2900 ਸੈਂਟਰ ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ 1900 ਬਣਾ ਦਿੱਤੇ ਗਏ ਹਨ ਜਦਕਿ ਬਾਕੀ 1000 ਵੀ ਜਲਦੀ ਹੀ ਚਾਲੂ ਕਰ ਦਿੱਤੇ ਜਾਣਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਸ੍ਰ. ਲਖਬੀਰ ਸਿੰਘ ਲੱਖਾ ਨੇ ਪਿੰਡ ਰੱਬੋਂ ਉੱਚੀ ਅਤੇ ਇਲਾਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਹਲਕੇ ਦੇ ਵਿਕਾਸ ਲਈ ਇਹਨਾਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇ। ਸਮਾਗਮ ਦੌਰਾਨ ਹੋਰਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ, ਸਮਰਾਲਾ ਦੇ ਵਿਧਾਇਕ ਸ੍ਰ. ਅਮਰੀਕ ਸਿੰਘ ਢਿੱਲੋਂ, ਖੰਨਾ ਦੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਬੱਸੀ ਪਠਾਣਾਂ ਸ੍ਰ ਗੁਰਪ੍ਰੀਤ ਸਿੰਘ ਜੀ ਪੀ, ਸਾਬਕਾ ਮੰਤਰੀ ਸ੍ਰ. ਮਲਕੀਅਤ ਸਿੰਘ ਦਾਖਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਜ਼ਿਲ੍ਹਾ ਪੁਲੀਸ ਮੁਖੀ ਸ੍ਰ ਹਰਪ੍ਰੀਤ ਸਿੰਘ, ਐੱਸ. ਡੀ. ਐੱਮ. ਪਾਇਲ ਸ੍ਰ. ਮਣਕਮਲ ਸਿੰਘ ਚਾਹਲ, ਮੰਤਰੀ ਦੇ ਰਾਜਸੀ ਸਕੱਤਰ ਸ਼੍ਰੀ ਹਰਕੇਸ਼ ਚੰਦ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।