ਪੰਜਾਬ ਕੈਬਨਿਟ ਮੰਤਰੀ ਦੇ ਗੰਨਮੈਨ ਨੂੰ ਲੱਗੀ ਗੋਲੀ…ਹੋਈ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼
ਨਿਊਜ਼ ਪੰਜਾਬ
28 ਅਪ੍ਰੈਲ 2025
ਪੰਜਾਬ ਪੁਲਸ ਦੇ ਕਾਂਸਟੇਬਲ ਗੁਰਕੀਰਤ ਸਿੰਘ ਗੋਲਡੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਗੰਨਮੈਨ ਸੀ। ਗੁਰਕੀਰਤ ਸਿੰਘ ਗੋਲਡੀ ਦੀ ਮੌਤ ਗੋਲੀ ਲੱਗਣ ਨਾਲ ਹੋਈ। ਗੋਲਡੀ ਖੰਨਾ ਰਾਮਪੁਰ ਪਿੰਡ ਦਾ ਰਹਿਣ ਵਾਲਾ ਸੀ, ਜੋ ਕਿ ਦੋਰਾਹਾ ਥਾਣੇ ਅਧੀਨ ਆਉਂਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਕੀਰਤ ਸਿੰਘ ਆਪਣੇ ਪਿੰਡ ਦੇ ਇੱਕ ਘਰ ਗਿਆ ਹੋਇਆ ਸੀ, ਜਿੱਥੇ ਲੜਾਈ ਦੌਰਾਨ ਕਾਰਬਾਈਨ ਤੋਂ ਗੋਲੀ ਚੱਲੀ। ਗੋਲੀ ਲੱਗਣ ਨਾਲ ਗੋਲਡੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪਾਇਲ ਦੇ ਡੀਐਸਪੀ ਹੇਮੰਤ ਮਲਹੋਤਰਾ, ਦੋਰਾਹਾ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਆਕਾਸ਼ ਦੱਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਪਰਿਵਾਰ ਦਾ ਦੋਸ਼
ਜਦੋਂ ਕਿ ਗੋਲਡੀ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਗੋਲਡੀ ਜਿਸ ਘਰ ਗਿਆ ਸੀ, ਉਸ ਨਾਲ ਪਹਿਲਾਂ ਹੀ ਦੁਸ਼ਮਣੀ ਸੀ। ਅੱਜ ਜਦੋਂ ਗੋਲਡੀ ਦੁਪਹਿਰ ਨੂੰ ਆਪਣੇ ਘਰ ਗਿਆ ਤਾਂ ਸ਼ਾਮ 5 ਵਜੇ ਉਸਨੂੰ ਦੱਸਿਆ ਗਿਆ ਕਿ ਗੋਲਡੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਗੋਲਡੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਦੂਜੇ ਪਾਸੇ, ਜਿਸ ਘਰ ਵਿੱਚ ਇਹ ਘਟਨਾ ਵਾਪਰੀ, ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਗੋਲਡੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਇਸ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਡੀਐੱਸਪੀ ਪਾਇਲ ਹੇਮੰਤ ਮਲਹੋਤਰਾ ਅਤੇ ਦੋਰਾਹਾ ਪੁਲਸ ਸਟੇਸ਼ਨ ਦੇ ਐੱਸਐੱਚਓ ਆਕਾਸ਼ ਦੱਤ ਵੀ ਮੌਕੇ ‘ਤੇ ਪਹੁੰਚ ਗਏ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਗਨਮੈਨ ਨੇ ਖੁਦ ਨੂੰ ਗੋਲੀ ਮਾਰੀ ਹੈ ਤੇ ਮਾਮਲੇ ਵਿਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।