ਬਠਿੰਡਾ ਦੇ ਤਲਵੰਡੀ ਸਾਬੋ ਦੇ ਮੈਰਿਜ ਪੈਲੇਸ ‘ਚ ਚੱਲ ਰਹੇ ਗੈਰਕਾਨੂੰਨੀ ਕੈਸੀਨੋ ‘ਤੇ ਪੁਲੀਸ ਦਾ ਛਾਪਾ, ਦੋ ਗ੍ਰਿਫ਼ਤਾਰ
ਨਿਊਜ਼ ਪੰਜਾਬ ,28 ਅਪ੍ਰੈਲ 2025
ਬਠਿੰਡਾ ਪੁਲੀਸ ਨੇ ਥਾਣਾ ਤਲਵੰਡੀ ਸਾਬੋ ਦੀ ਅਗਵਾਈ ਹੇਠ ਇਕ ਵੱਡੀ ਕਾਰਵਾਈ ਕਰਦਿਆਂ ਤਲਵੰਡੀ ਸਾਬੋ ਦੇ ਇੱਕ ਮੈਰਿਜ ਪੈਲੇਸ ਵਿੱਚ ਚੱਲ ਰਹੇ ਗੈਰ-ਕਾਨੂੰਨੀ ਕੈਸੀਨੋ ‘ਤੇ ਅਚਾਨਕ ਛਾਪਾ ਮਾਰਿਆ। ਛਾਪੇ ਦੌਰਾਨ ਦੋ ਵਿਅਕਤੀਆਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੇ ਕਬਜ਼ੇ ਵਿੱਚੋਂ ਇੱਕ ਹੁੱਕਾ, ਤੰਬਾਕੂ ਦੇ ਡੱਬੇ, ਵੱਖ-ਵੱਖ ਕਿਸਮਾਂ ਦੇ ਸਟਰਾਈਕਰ, ਸ਼ਰਾਬ ਦੀਆਂ ਬੋਤਲਾਂ, ਸਿਗਰਟ ਦੇ ਡੱਬੇ ਅਤੇ ਕਰੰਸੀ ਗਿਣਨ ਵਾਲੀ ਮਸ਼ੀਨ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ, ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।
ਉਚ ਅਧਿਕਾਰੀਆਂ ਅਨੁਸਾਰ, ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਉਹ ਕਿਸੇ ਵੀ ਗੈਰਕਾਨੂੰਨੀ ਸਰਗਰਮੀ ਬਾਰੇ ਜਾਣਕਾਰੀ ਰੱਖਦੇ ਹਨ ਤਾਂ ਉਹ ਬਿਨਾਂ ਝਿਜਕ ਪੁਲੀਸ ਨੂੰ ਸੂਚਨਾ ਦੇਣ।