ਕਾਮਨਵੈਲਥ ਗੇਮਜ਼ 2026: ਨੀਰਜ ਚੋਪੜਾ ਸਮੇਤ ਭਾਰਤ ਦੇ ਤਿੰਨ ਜੈਵਲਿਨ ਥ੍ਰੋਅਰ ਫਾਈਨਲ ਵਿੱਚ ਪਹੁੰਚੇ

ਨਿਊਜ਼ ਪੰਜਾਬ

30 ਜੁਲਾਈ,2026

ਕਾਮਨਵੈਲਥ ਗੇਮਜ਼ 2026 ਦੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਭਾਰਤ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਸਟਾਰ ਐਥਲੀਟ ਨੀਰਜ ਚੋਪੜਾ ਦੇ ਨਾਲ-ਨਾਲ ਰੋਹਿਤ ਯਾਦਵ ਅਤੇ ਯਸ਼ਵੀਰ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਕੁਆਲੀਫਿਕੇਸ਼ਨ ਦੌਰ ਵਿੱਚ ਨੀਰਜ ਚੋਪੜਾ ਨੇ 79.61 ਮੀਟਰ ਦਾ ਸਰਵੋਤਮ ਥ੍ਰੋਅ ਕਰਕੇ ਪੰਜਵਾਂ ਸਥਾਨ ਹਾਸਲ ਕੀਤਾ, ਜਦਕਿ ਰੋਹਿਤ ਯਾਦਵ 78.37 ਮੀਟਰ ਦੇ ਥ੍ਰੋਅ ਨਾਲ ਨੌਵੇਂ ਅਤੇ ਯਸ਼ਵੀਰ ਸਿੰਘ 78.36 ਮੀਟਰ ਦੇ ਥ੍ਰੋਅ ਨਾਲ ਦਸਵੇਂ ਸਥਾਨ ‘ਤੇ ਰਹੇ। ਤਿੰਨੋਂ ਭਾਰਤੀ ਖਿਡਾਰੀ ਚੋਟੀ ਦੇ 12 ਵਿੱਚ ਸ਼ਾਮਲ ਰਹੇ ਅਤੇ ਤਗਮੇ ਦੀ ਦੌੜ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ।

ਇਸ ਦੌਰਾਨ, ਸ਼੍ਰੀਲੰਕਾ ਦੇ ਰੁਮੇਸ਼ ਪਥੀਰਾਜ ਨੇ 82.84 ਮੀਟਰ ਦੇ ਥ੍ਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਦੂਜੇ ਅਤੇ ਦੱਖਣੀ ਅਫਰੀਕਾ ਦੇ ਡਾਊ ਸਮਿਥ ਤੀਜੇ ਸਥਾਨ ‘ਤੇ ਰਹੇ। ਪਾਕਿਸਤਾਨ ਦੇ ਸਟਾਰ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ 78.63 ਮੀਟਰ ਦੇ ਥ੍ਰੋਅ ਨਾਲ ਸੱਤਵੇਂ ਸਥਾਨ ‘ਤੇ ਰਹੇ। ਹੁਣ ਫਾਈਨਲ ਮੁਕਾਬਲੇ ਵਿੱਚ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਨੀਰਜ ਚੋਪੜਾ ਅਤੇ ਹੋਰ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਟਿਕੀਆਂ ਹੋਣਗੀਆਂ, ਜਿਨ੍ਹਾਂ ਤੋਂ ਦੇਸ਼ ਨੂੰ ਤਗਮੇ ਦੀ ਵੱਡੀ ਉਮੀਦ ਹੈ।