ਨਿਊਜ਼ ਪੰਜਾਬ
30 ਜੁਲਾਈ,2026
ਅਗਲੇ ਮਹੀਨੇ ਨੀਦਰਲੈਂਡ ਅਤੇ ਬੈਲਜੀਅਮ ਵਿੱਚ ਹੋਣ ਵਾਲੇ ਐੱਫਆਈਐੱਚ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਰਵਾਇਤੀ ਨੀਲੀ ਜਰਸੀ ਦੀ ਥਾਂ ਕੇਸਰੀ ਰੰਗ ਦੀ ਨਵੀਂ ਜਰਸੀ ਪਹਿਨਣਗੀਆਂ। ਹਾਕੀ ਇੰਡੀਆ ਨੇ ਸੋਸ਼ਲ ਮੀਡੀਆ ‘ਤੇ ਨਵੀਂ ਜਰਸੀ ਲਾਂਚ ਕਰਦਿਆਂ ਦੱਸਿਆ ਕਿ ਇਹ ਬਦਲਾਅ ਕੋਚਾਂ ਅਤੇ ਖਿਡਾਰੀਆਂ ਦੀ ਸਲਾਹ ਤੋਂ ਬਾਅਦ ਕੀਤਾ ਗਿਆ ਹੈ।
ਸੰਸਥਾ ਮੁਤਾਬਕ, ਨੀਲੀ ਜਰਸੀ ਨੀਲੇ ਸਿੰਥੈਟਿਕ ਟਰਫ਼ ਨਾਲ ਮਿਲ ਜਾਂਦੀ ਸੀ, ਜਿਸ ਕਾਰਨ ਖਿਡਾਰੀਆਂ ਨੂੰ ਮੈਦਾਨ ‘ਤੇ ਦਿੱਖ ਅਤੇ ਸਪਸ਼ਟਤਾ ਨਾਲ ਜੁੜੀਆਂ ਸਮੱਸਿਆਵਾਂ ਆ ਰਹੀਆਂ ਸਨ। ਇਸ ਲਈ ਤਕਨੀਕੀ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਸਰੀ ਰੰਗ ਦੀ ਚੋਣ ਕੀਤੀ ਗਈ, ਜੋ ਹਿੰਮਤ, ਕੁਰਬਾਨੀ ਅਤੇ ਰਾਸ਼ਟਰੀ ਮਾਣ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।
ਹਾਕੀ ਇੰਡੀਆ ਨੇ ਕਿਹਾ ਕਿ ਨਵੀਂ ਜਰਸੀ ਵਿੱਚ “ਮੰਡਲਾ” ਕਲਾ ਤੋਂ ਪ੍ਰੇਰਿਤ ਡਿਜ਼ਾਈਨ ਅਤੇ ਅਸ਼ੋਕ ਚੱਕਰ ਨਾਲ ਜੁੜੇ ਤੱਤ ਸ਼ਾਮਲ ਹਨ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ, ਏਕਤਾ ਅਤੇ ਤਰੱਕੀ ਨੂੰ ਦਰਸਾਉਂਦੇ ਹਨ। ਜਰਸੀ ਦੇ ਅਗਲੇ ਹਿੱਸੇ ‘ਤੇ ਦੇਵਨਾਗਰੀ ਲਿਪੀ ਵਿੱਚ “ਭਾਰਤ” ਵੀ ਲਿਖਿਆ ਗਿਆ ਹੈ। ਹਾਲਾਂਕਿ, ਸਾਬਕਾ ਕਪਤਾਨ ਵੀਰੇਨ ਰਾਸਕਿਨਹਾ ਨੇ ਇਸ ਫ਼ੈਸਲੇ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਭਾਰਤੀ ਹਾਕੀ ਦੀ ਪਛਾਣ ਹਮੇਸ਼ਾ ਨੀਲੀ ਜਰਸੀ ਨਾਲ ਰਹੀ ਹੈ ਅਤੇ ਪ੍ਰਸ਼ੰਸਕ ਵੀ ਟੀਮ ਨੂੰ ਇਸੇ ਰੰਗ ਵਿੱਚ ਦੇਖਣਾ ਪਸੰਦ ਕਰਦੇ ਹਨ। ਇਸ ਦੇ ਬਾਵਜੂਦ, ਹਾਕੀ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਜਰਸੀ ਦੇ ਰੰਗ ਵਿੱਚ ਤਬਦੀਲੀ ਦਾ ਕੋਈ ਰਾਜਨੀਤਿਕ ਮਤਲਬ ਨਹੀਂ ਹੈ ਅਤੇ ਇਹ ਫ਼ੈਸਲਾ ਸਿਰਫ਼ ਖੇਡ ਅਤੇ ਤਕਨੀਕੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਵਿਸ਼ਵ ਕੱਪ ਦਾ ਆਯੋਜਨ 15 ਤੋਂ 30 ਅਗਸਤ ਤੱਕ ਕੀਤਾ ਜਾਵੇਗਾ।
