ਨਿਊਜ਼ ਪੰਜਾਬ
30 ਜੁਲਾਈ,2026
ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਪ੍ਰਾਇਮਰੀ ਕੇਡਰ ਵਿੱਚ 2,000 ਪੀਟੀਆਈ (ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ) ਅਧਿਆਪਕਾਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਭਰਤੀ ਪ੍ਰਕਿਰਿਆ 31 ਜੁਲਾਈ ਤੋਂ ਸ਼ੁਰੂ ਹੋਵੇਗੀ। ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਅਤੇ ਸਰੀਰਕ ਸਿੱਖਿਆ ਵਿੱਚ ਡੀ.ਪੀ.ਐਡ., ਸੀ.ਪੀ.ਐਡ. ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਦਸਵੀਂ ਜਮਾਤ ਵਿੱਚ ਪੰਜਾਬੀ ਵਿਸ਼ਾ ਪਾਸ ਹੋਣਾ ਵੀ ਜ਼ਰੂਰੀ ਸ਼ਰਤ ਹੈ। ਆਮ ਵਰਗ ਲਈ ਉਮਰ ਸੀਮਾ 18 ਤੋਂ 37 ਸਾਲ ਰੱਖੀ ਗਈ ਹੈ, ਜਦਕਿ ਰਾਖਵੇਂ ਵਰਗਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
ਭਰਤੀ ਪ੍ਰਕਿਰਿਆ ਵਿੱਚ ਲਿਖਤੀ ਪ੍ਰੀਖਿਆ, ਦਸਤਾਵੇਜ਼ਾਂ ਦੀ ਜਾਂਚ ਅਤੇ ਹੋਰ ਨਿਰਧਾਰਿਤ ਪੜਾਅ ਸ਼ਾਮਲ ਹੋ ਸਕਦੇ ਹਨ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮਾਰਚ 2022 ਤੋਂ ਹੁਣ ਤੱਕ 67 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 16,308 ਭਰਤੀਆਂ ਸਿੱਖਿਆ ਵਿਭਾਗ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ, ਬਿਜਲੀ ਵਿਭਾਗ, ਸਿਹਤ ਅਤੇ ਸਥਾਨਕ ਸਰਕਾਰਾਂ ਦੇ ਵਿਭਾਗਾਂ ਵਿੱਚ ਵੀ ਹਜ਼ਾਰਾਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਰਕਾਰ ਦਾ ਇਹ ਵੀ ਦਾਅਵਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਲਗਭਗ 5.5 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਹਨ ਅਤੇ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ, ਜਿਸ ਵਿੱਚ ਪੇਪਰ ਲੀਕ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
