ਨਿਊਜ਼ ਪੰਜਾਬ
16 ਅਗਸਤ,2026
ਫਰੀਦਕੋਟ ਦੀ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦਲਜੀਤ ਕੌਰ ਦੀ ਅਦਾਲਤ ਨੇ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਗ੍ਰਿਫ਼ਤਾਰ 16 ਉਮੀਦਵਾਰਾਂ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਮਾਮਲੇ ਦੇ ਰਿਕਾਰਡ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਜਾਂਚ ਲਈ ਮੁਲਜ਼ਮਾਂ ਨੂੰ ਲਗਾਤਾਰ ਹਿਰਾਸਤ ਵਿੱਚ ਰੱਖਣਾ ਜ਼ਰੂਰੀ ਹੈ। ਹਾਲਾਂਕਿ ਅਦਾਲਤ ਨੇ ਮੰਨਿਆ ਕਿ ਦੋਸ਼ ਗੰਭੀਰ ਹਨ, ਪਰ ਸਿਰਫ਼ ਦੋਸ਼ਾਂ ਦੀ ਗੰਭੀਰਤਾ ਜ਼ਮਾਨਤ ਰੱਦ ਕਰਨ ਦਾ ਇਕੱਲਾ ਆਧਾਰ ਨਹੀਂ ਹੋ ਸਕਦੀ। ਸਾਰੇ 16 ਮੁਲਜ਼ਮਾਂ ਨੂੰ 20 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੱਕ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਮਾਮਲਾ 19 ਜੁਲਾਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਕਰਵਾਈ ਗਈ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਵਿੱਚ ਕਥਿਤ ਤੌਰ ’ਤੇ ਇਲੈਕਟ੍ਰਾਨਿਕ ਉਪਕਰਨਾਂ ਰਾਹੀਂ ਧੋਖਾਧੜੀ ਨਾਲ ਜੁੜਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
