ਸਿਖਰਾਂ ਦੀ ਗਰਮੀ ’ਚ ਵੀ ਮੈਡੀਕਲ ਟੀਮਾਂ ਆਪਣੀ ਡਿਊਟੀ ਲਈ ਪੱਬਾਂ ਭਾਰ
ਨਿਊਜ਼ ਪੰਜਾਬ
ਨਵਾਂਸ਼ਹਿਰ, 21 ਜੂਨ- ਮਿਸ਼ਨ ਫ਼ਤਿਹ ਤਹਿਤ ਰਾਜ ਸਰਕਾਰ ਵੱਲੋਂ ਕੋਵਿਡ-19 ਮਰੀਜ਼ਾਂ ਦੀ ਸ਼ਨਾਖਤ ਲਈ ਸੈਂਪਲਿੰਗ ’ਚ ਤੇਜ਼ੀ ਲਿਆਉਣ ਦੀਆਂ ਹਦਾਇਤਾ ਅਨੁਸਾਰ ਅੱਜ ਜ਼ਿਲ੍ਹੇ ’ਚ 277 ਵਿਅਕਤੀਆਂ ਦੇ ਸੈਂਪਲ ਲਏ ਗਏ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਇਨ੍ਹਾਂ ਸੈਂਪਲਾਂ ’ਚ ਨਵਾਂਸ਼ਹਿਰ ਇਲਾਕੇ ’ਚੋਂ 106, ਬੰਗਾ ਇਲਾਕੇ ’ਚੋਂ 86 ਅਤੇ ਬਲਾਚੌਰ ਇਲਾਕੇ ’ਚੋਂ 85 ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਸੈਂਪਲ ਮਿਲਾ ਕੇ ਜ਼ਿਲ੍ਹੇ ’ਚ ਹੁਣ ਤੱਕ ਕੀਤੀ ਗਈ ਸੈਂਪਲਿੰਗ 7400 ਦਾ ਅੰਕੜਾ ਪਾਰ ਕਰ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚੋਂ ਲਏ ਜਾ ਰਹੇ ਸੈਂਪਲਾਂ ’ਚ ਮੋਹਰਲੀ ਕਤਾਰ ’ਚ ਸ਼ਾਮਿਲ ਕਰਮਚਾਰੀਆਂ (ਫਰੰਟਲਾਈਨ ਵਾਰੀਅਰਜ਼), ਦੁਕਾਨਦਾਰਾਂ ਅਤੇ ਜ਼ਿਲ੍ਹੇ ’ਚ ਦੂਜੇ ਰਾਜਾਂ/ਵਿਦੇਸ਼ਾਂ ਤੋਂ ਆ ਰਹੇ ਵਿਅਕਤੀਆਂ ਦੇ ਸੈਂਪਲ ਸ਼ਾਮਿਲ ਹਨ।
ਜ਼ਿਲ੍ਹਾ ਐਪੀਡੋਮੋਲਿਜਿਸਟ ਡਾ. ਜਗਦੀਪ ਅਨੁਸਾਰ ਜ਼ਿਲ੍ਹੇ ’ਚ ਸੈਂਪਲਿੰਗ ਲਈ ੋਵੱਖ-ਵੱਖ ਟੀਮਾਂ ਸਰਗਰਮ ਹਨ, ਜੋ ਨਵਾਂਸ਼ਹਿਰ, ਰਾਹੋਂ, ਮੁਕੰਦਪੁਰ, ਬੰਗਾ, ਬਲਾਚੌਰ ਤੇ ਕਾਠਗੜ੍ਹ ਇਲਾਕੇ ’ਚ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਗਿਣਤੀ ਲੋੜ ਅਨੁਸਾਰ ਵਧਾ ਲਈ ਜਾਂਦੀ ਹੈ। ਅੱਜ ਦੀ ਸੈਂਪਲਿੰਗ ਦੌਰਾਨ ਨਵਾਂਸ਼ਹਿਰ ਟੀਮ ਵੱਲੋਂ ਨਵਾਂਸ਼ਹਿਰ ’ਚੋਂ 58 ਤੇ ਰਾਹੋਂ ’ਚੋਂ 48, ਮੁਕੰਦਪੁਰ ਟੀਮ 44, ਬੰਗਾ ਟੀਮ ਵੱਲੋਂ 42, ਕਾਠਗੜ੍ਹ (ਰਿਆਤ ਕੈਂਪਸ ਟੀਮ) ਵੱਲੋਂ 41 ਅਤੇ ਬਲਾਚੌਰ ਟੀਮ ਵੱਲੋਂ 44 ਸੈਂਪਲ ਲਏ ਗਏ ਹਨ।
ਐਸ ਐਮ ਓ ਨਵਾਂਸ਼ਹਿਰ ਡਾ. ਹਰਵਿੰਦਰ ਸਿੰਘ ਅਨੁਸਾਰ ਨਵਾਂਸ਼ਹਿਰ ਜ਼ਿਲ੍ਹਾ ਹਸਪਤਾਲ, ਰਾਹੋਂ ਹਸਪਤਾਲ ਤੇ ਕੇ ਸੀ ਕਾਲਜ ਸਟੇਟ ਇਕਾਂਤਵਾਸ ਤੋਂ ਡਾ. ਅਮਿਤ ਕੁਮਾਰ (ਈ ਐਨ ਟੀ), ਡਾ. ਨਿਰਮਲ, ਡਾ. ਗੁਰਪਾਲ ਕਟਾਰੀਆ, ਡਾ. ਰੁਪਿੰਦਰ ਸਿੰਘ, ਬਲਵੀਰ ਰਾਮ, ਨੀਰਜ ਕੁਮਾਰ, ਕਮਲਦੀਪ ਸਿੰਘ, ਰੋਹਿਤ ਦੀ ਟੀਮ ਵਲੋ ਇਹ ਸੈਂਪਲ ਸਵੇਰ ਅਤੇ ਸ਼ਾਮ ਦੀਆਂ ਸ਼ਿਫ਼ਟਾਂ ’ਚ ਬੜੀ ਹੀ ਸਾਵਧਾਨੀ ਨਾਲ ਲਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਪਲਾਂ ਦੀ ਲੇਬਲਿੰਗ ਵੀ ਰੁਪਿੰਦਰ ਸਿੰਘ ਮਾਈਕ੍ਰੋਬਾਇਓਲੋਜਿਸਟ, ਰਾਜੇਸ਼ ਕੁਮਾਰ, ਜਗਤਾਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਨਾਲੋਂ-ਨਾਲ ਕੀਤੀ ਗਈ।
ਨਵਾਂਸ਼ਹਿਰ ਜ਼ਿਲ੍ਹਾ ਹਸਪਤਾਲ ਦੇ ਡਾ. ਸਤਵਿੰਦਰ ਸਿੰਘ, ਡਾ. ਰੁਪਿੰਦਰ ਸਿੰਘ ਤੇ ਐਸ ਐਮ ਐਲ ਜਸਵਿੰਦਰ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਜਿਨ੍ਹਾਂ ਦੀ ਅੱਜ ਸੈਂਪਿਲੰਗ ਕੀਤੀ ਗਈ, ਨੂੰ ਕੋਵਾ ਐਪ ਡਾਊਨਲੋਡ ਕਰਵਾਈ ਗਈ ਅਤੇ ਨਾਲ ਹੀ ਕੋਵਿਡ ਤੋਂ ਬਚਾਅ ਲਈ ਅਤਿ ਜ਼ਰੂਰੀ ਸਾਵਧਾਨੀਆਂ ਜਿਵੇਂ ਹੱਥ ਧੋਣਾ, ਬਾਹਰ ਮੂੰਹ ਢਕ ਕੇ ਨਿਕਲਣਾ ਤੇ ਭੀੜ ਤੋਂ ਬਚਦੇ ਹੋਏ ਸਮਾਜਿਕ ਦੂਰੀ ਰੱਖਣਾ ਬਾਰੇ ਵੀ ਦੱਸਿਆ ਗਿਆ।
ਫ਼ੋਟੋ ਕੈਪਸ਼ਨ: 21.06.2020 ਸੈਂਪਲਿੰਗ 01-02: ਨਵਾਂਸ਼ਹਿਰ ’ਚ ਸੈਂਪਲਿੰਗ ਟੀਮਾਂ ਕੋਵਿਡ-19 ਦੀ ਰੋਕਥਾਮ ਅਤੇ ਪੁਸ਼ਟੀ ਲਈ ਨਮੂਨੇ ਇਕੱਤਰ ਕਰਦੀਆਂ ਹੋਈਆਂ।