ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣ, ਸਮਾਜਿਕ ਦੂਰੀ ਰੱਖਣ ਤੇ ਹੱਥ ਵਾਰ-ਵਾਰ ਧੋਣ ਲਈ ਪ੍ਰੇਰਿਆ
ਮਿਸ਼ਨ ਫ਼ਤਿਹ ਤਹਿਤ ਅੱਜ ਸ਼ਹਿਰੀ ਸੰਸਥਾਂਵਾਂ ਵੱਲੋਂ ਕੀਤੀ ਗਈ ਲੋਕ ਜਾਗਰੂਕਤਾ
–
ਮਿਸ਼ਨ ਫ਼ਤਿਹ ਰਾਜ ਤੇ ਜ਼ਿਲ੍ਹੇ ’ਚ ਕੋਰੋਨਾ ’ਤੇ ਮੁਕੰਮਲ ਫ਼ਤਿਹ ਪਾਉਣ ਤੱਕ ਜਾਰੀ ਰਹੇਗਾ-ਡੀ ਸੀ ਸ਼ੇਨਾ ਅਗਰਵਾਲ
ਨਿਊਜ਼ ਪੰਜਾਬ
ਨਵਾਂਸ਼ਹਿਰ, 21 ਜੂਨ- ਪੰਜਾਬ ਸਰਕਾਰ ਵੱਲੋਂ 15 ਜੂਨ ਤੋਂ 21 ਜੂਨ ਤੱਕ ਰਾਜ ਭਰ ’ਚ ਮਿਸ਼ਨ ਫ਼ਤਿਹ ਤਹਿਤ ਜ਼ਮੀਨੀ ਗਤੀਵਿਧੀਆਂ ਕਰਕੇ ਲੋਕਾਂ ਨੂੰ ਕੋਵਿਡ-19 ਦੇ ਖਤਰੇ ਪ੍ਰਤੀ ਸੁਚੇਤ ਕਰਨ ਦੀ ਚਲਾਈ ਗਈ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੀਆਂ ਸ਼ਹਿਰੀ ਸਥਾਨਕ ਸੰਸਥਾਂਵਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਜਾਗਰੂਕਤਾ ਕੀਤੀ ਗਈ।
ਇਸ ਮੁਹਿੰਮ ’ਚ ਜਿੱਥੇ ਨਗਰ ਕੌਂਸਲਾਂ ਦੇ ਕਰਮਚਾਰੀਆਂ ਨੇ ਆਪਣਾ ਯੋਗਦਾਨ ਪਾਇਆ ਉੱਥੇ ਸ਼ਹਿਰ ਦੇ ਪਤਵੰਤਿਆਂ ਨੇ ਵੀ ਅੱਗੇ ਹੋ ਕੇ ਖੁਦ ਲੋਕਾਂ ਨੂੰ ਘਰ-ਘਰ ਜਾ ਕੇ ਕੋਵਿਡ-19 ਤੋਂ ਖਬਰਦਾਰ ਕਰਨ ਦਾ ਬੀੜਾ ਚੱੁਕਿਆ। ਲੋਕਾਂ ਨੂੰ ਘਰ-ਘਰ ਜਾ ਕੇ ਦੱਸਿਆ ਗਿਆ ਕਿ ਕੋਰੋਨਾ ਨੂੰ ਹਰਾਉਣ ਲਈ ਤਿੰਨ ਜ਼ਰੂਰੀ ਚੀਜ਼ਾਂ ਮਾਸਕ ਪਹਿਨਣਾ, ਸਮਾਜਿਕ ਦੂਰੀ ਰੱਖਣਾ ਅਤੇ ਹੱਥ ਵਾਰ-ਵਾਰ ਧੋਣਾ ਹਮੇਸ਼ਾਂ ਯਾਦ ਰੱਖਿਆ ਜਾਵੇ। ਇਸ ਲਈ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਵਾਲੇ ਪੈਂਫ਼ਲਿਟ ਵੀ ਦਿੱਤੇ ਗਏ।
ਨਵਾਂਸ਼ਹਿਰ ਤੇ ਰਾਹੋਂ ਦੇ ਈ ਓ ਰਾਜੀਵ ਸਰੀਨ ਨੇ ਦੱਸਿਆ ਕਿ ਦੋਵਾਂ ਨਗਰ ਕੌਂਸਲਾਂ ’ਚ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਆਦੇਸ਼ਾਂ ’ਤੇ ਚਲਾਈ ਗਈ ਮੁਹਿੰਮ ਨੂੰ ਸ਼ਹਿਰ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਵੱਡਾ ਹੁੰਗਾਰਾ ਮਿਲਿਆ। ਉਨ੍ਹਾਂ ਦੱਸਿਆ ਕਿ ਰਾਹੋਂ ’ਚ ਸਫ਼ਾਈ ਸੇਵਕਾਂ ਨੂੰ ਕੋਰੋਨਾ ਯੋਧਿਆਂ ਵਜੋਂ ਬੈਜ ਲਾ ਕੇ ਇਸ ਮੁਹਿੰਮ ’ਤੇ ਤੋਰਿਆ ਗਿਆ।
ਬੰਗਾ ਦੇ ਈ ਓ ਰਾਜੀਵ ਉਬਰਾਏ ਅਨੁਸਾਰ ਕੋਰੋਨਾ ’ਤੇ ਫ਼ਤਿਹ ਪਾਉਣ ਲਈ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਦਾ ਮੰਤਵ ਹੀ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਜਾਗਰੂਕ ਕਰਨਾ ਹੈ, ਜਿਸ ਲਈ ਸ਼ਹਿਰ ’ਚ ਮੁਹਿੰਮ ਚਲਾਈ ਗਈ।
ਜ਼ਿਕਰਯੋਗ ਹੈ ਕਿ ਇਸ ਹਫ਼ਤਾ ਭਰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੌਰਾਨ ਐਤਵਾਰ ਨੂੰ ਜ਼ਿਲ੍ਹੇ ਭਰ ’ਚ ਪ੍ਰਚਾਰ ਵਾਹਨਾਂ ਰਾਹੀਂ ਜਾਗਰੂਕਤਾ, ਸੋਮਵਾਰ ਨੂੰ ਕੋੋਰਨਾ ਯੋਧਿਆਂ ਲਈ ਬੈਜ ਦੀ ਵੰਡ, ਮੰਗਲਵਾਰ ਨੂੰ ਆਂਗਨਵਾੜੀ ਵਰਕਰਾਂ ਰਾਹੀਂ ਘਰ-ਘਰ ਸੁਚੇਤ ਰਹਿਣ ਦਾ ਹੋਕਾ, ਬੁੱਧਵਾਰ ਨੂੰ ਪੰਚਾਇਤਾਂ ਅਤੇ ਜੀ ਓ ਜੀਜ਼ ਰਾਹੀਂ ਜਾਗਰੂਕਤਾ, ਵੀਰਵਾਰ ਨੂੰ ਜ਼ਿਲ੍ਹੇ ਭਰ ’ਚ ਦੁਬਾਰਾ ਪ੍ਰਚਾਰ ਵਾਹਨਾਂ ਰਾਹੀਂ ਸੁਚੇਤਤਾ, ਸ਼ੁੱਕਰਵਾਰ ਨੂੰ ਐਨ ਜੀ ਓਜ਼ ਦੀ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਲੋਕਾਂ ’ਚ ਜਾਗਰੂਕਤਾ ਲਈ ਪ੍ਰੇਰਿਆ ਗਿਆ, ਸ਼ਨਿੱਚਰਵਾਰ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਆਪਣੇ ਪੱਧਰ ’ਤੇ ਗਤੀਵਿਧੀਆਂ ਕਰਕੇ ਕੋੋਰਨਾ ’ਤੇ ਫ਼ਤਿਹ ਪਾਉਣ ਲਈ ਦੱਸਿਆ ਗਿਆ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਨੁਸਾਰ ਇਸ ਮੁਹਿੰਮ ਦਾ ਮੁੱਖ ਉਦੇਸ਼ ਕੋੋਰੋਨਾ ਦੀ ਲੜਾਈ ’ਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾ ਕੇ, ਉਨ੍ਹਾਂ ਨੂੰ ਜਾਗਰੂਕ ਕਰਨਾ ਹੈ, ਜਿਸ ਵਿੱਚ ਅਸੀਂ ਕਾਮਯਾਬ ਵੀ ਹੋਏ ਹਾਂ। ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ ਉਦੋਂ ਤੱਕ ਚਲਦਾ ਰਹੇਗਾ ਜਦੋਂ ਤੱਕ ਅਸੀਂ ਰਾਜ ਜਾਂ ਜ਼ਿਲ੍ਹੇ ’ਚ ਕੋਰੋਨਾ ’ਤੇ ਮੁਕੰਮਲ ਰੂਪ ’ਚ ਫ਼ਤਿਹ ਨਹੀਂ ਪਾ ਲੈਂਦੇ।
================================================================ਫ਼ੋਟੋ ਕੈਪਸ਼ਨ: 21.06.2020 ਮਿਸ਼ਨ ਫ਼ਤਿਹ ਨਵਾਂਸ਼ਹਿਰ 01-05: ਮਿਸ਼ਨ ਫ਼ਤਿਹ ਤਹਿਤ ਸ਼ਹਿਰੀ ਸੰਸਥਾਂਵਾਂ ਵੱਲੋਂ ਅਤੇ ਪਤਵੰਤਿਆਂ ਵੱਲੋਂ ਕੀਤੀ ਗਈ ਲੋਕ ਜਾਗਰੂਕਤਾ ਦੀਆਂ ਤਸਵੀਰਾਂ।