ਨਵਾਂਸ਼ਹਿਰ ’ਚ ਬਿਹਾਰ ਅਤੇ ਯੂ ਪੀ ਤੋਂ ਆਏ ਦੋ ਵਿਅਕਤੀਆਂ ਸਮੇਤ ਤਿੰਨ ਮਾਮਲੇ ਪਾਜ਼ਿਟਿਵ
ਅੱਜ ਪੰਜ ਮਰੀਜ਼ ਸਿਹਤਯਾਬ ਹੋਣ ਬਾਅਦ ਕੁੱਲ ਐਕਟਿਵ ਕੇਸਾਂ ਦੀ ਗਿਣਤੀ 8 ਰਹੀ
ਨਿਊਜ਼ ਪੰਜਾਬ
ਨਵਾਂਸ਼ਹਿਰ, 21 ਜੂਨ- ਜ਼ਿਲ੍ਹੇ ’ਚ ਕਲ੍ਹ ਦੇਰ ਰਾਤ ਆਏ 406 ਸੈਂਪਲਾਂ ਦੇ ਨਤੀਜਿਆਂ ’ਚੋਂ 403 ਨੈਗਿਟਿਵ ਪਾਏ ਗਏ ਜਦਕਿ ਬਿਹਾਰ ਤੇ ਯੂ ਪੀ ’ਚੋਂ ਆਏ ਦੋ ਵਿਅਕਤੀਆਂ ਅਤੇ ਜ਼ਿਲ੍ਹੇ ਦੀ ਇੱਕ ਮਹਿਲਾ ਸਮੇਤ ਤਿੰਨ ਵਿਅਕਤੀ ਪਾਜ਼ਿਟਿਵ ਪਾਏ ਗਏ। ਇਸ ਦੇ ਨਾਲ ਹੀ ਅੱਜ ਜ਼ਿਲ੍ਹੇ ’ਚੋਂ ਪੰਜ ਮਰੀਜ਼ਾਂ ਨੂੰ ਹਸਪਤਾਲ ਤੋਂ ਸਿਹਤਯਾਬ ਹੋਣ ’ਤੇ ਛੁੱਟੀ ਦੇਣ ਬਾਅਦ ਜ਼ਿਲ੍ਹੇ ’ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 8 ਰਹਿ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਪਾਜ਼ਿਟਿਵ ਪਾਏ ਗਏ ਕੇਸਾਂ ’ਚੋਂ ਬਿਨੇਸ਼ਵਰ ਮਹਿਤੋ ਕੁੱਝ ਦਿਨ ਪਹਿਲਾਂ ਪਾਜ਼ਿਟਿਵ ਪਾਏ ਗਏ ਇੱਕ ਹੋਰ ਪ੍ਰਵਾਸੀ ਅਮਰਨਾਥ ਦੇ ਸੰਪਰਕ ’ਚੋਂ ਹੈ ਅਤੇ ਬਿਹਾਰ ਤੋਂ ਆਇਆ ਹੋੋਇਆ ਹੈ। ਉਹ ਰਟੈਂਡਾ ’ਚ ਪਿੰਡ ਤੋਂ ਬਾਹਰ ਮੋਟਰ ’ਤੇ ਹੀ ਰਹਿ ਰਿਹਾ ਸੀ। ਦੂਸਰਾ ਕੇਸ ਨਰਿੰਦਰ ਦਾ ਹੈ, ਜੋ ਕਿ ਕੁੱਝ ਦਿਨ ਪਹਿਲਾਂ ਪਾਜ਼ਿਟਿਵ ਪਾਏ ਗਏ ਪਠਾਨਕੋਟ ’ਚ ਤਾਇਨਾਤ ਪੰਜਾਬ ਪੁਲਿਸ ਮੁਲਾਜ਼ਮ ਦੇ ਸੰਪਰਕ ’ਚੋਂ ਹੈ। ਇਸੇ ਤਰ੍ਹਾਂ ਤੀਸਰਾ ਕੇਸ ਅਮਨਦੀਪ ਕੁਮਾਰ ਦਾ ਹੈ, ਜੋ ਕਿ ਯੂ ਪੀ ਤੋਂ ਰੈਲ ਮਾਜਰਾ ਵਿਖੇ ਆਇਆ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਨਵੇਂ ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ ’ਚ ਹੁਣ ਤੱਕ 122 ਪਾਜ਼ਿਟਿਵ ਕੇਸ ਆ ਚੁੱਕੇ ਹਨ ਜਦਕਿ ਦੂਸਰੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ 21 ਕੇਸ ਇਸ ਤੋਂ ਵੱਖਰੇ ਹਨ ਅਤੇ ਉਹ ਸਰਕਾਰ ਵੱਲੋਂ ਜ਼ਿਲ੍ਹੇ ’ਚ ਸ਼ਾਮਿਲ ਨਹੀਂ ਕੀਤੇ ਗਏ।
ਡਾ. ਭਾਟੀਆ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ 7200 ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 674 ਦਾ ਨਤੀਜਾ ਆਉਣਾ ਬਾਕੀ ਹੈ ਜਦਕਿ 6383 ਨੈਗਿਟਿਵ ਪਾਏ ਗਏ ਹਨ।