ਨਵਾਂਸ਼ਹਿਰ ਦੀ ਸੀਮਾ ਨੂੰ ਕੋਵਿਡ `ਤੇ ਫ਼ਤਿਹ ਪਾਉਣ ਬਾਅਦ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਮਿਲੀ ਕੂਵੈਤ ਤੋਂ ਆਏ ਵਿਜੇ ਕੁਮਾਰ ਨੂੰ ਪਾਜ਼ਟਿਵ ਆਉਣ `ਤੇ ਆਈਸੋਲੇਸ਼ਨ `ਚ ਕੀਤਾ ਗਿਆ ਤਬਦੀਲ

ਹੁਣ ਤੱਕ 3044 ਟੈਸਟ ਨੈਗੇਟਿਵ ਪਾਏ ਗਏ
ਮਿਸ਼ਨ ਫ਼ਤਿਹ ਤਹਿਤ ਕੋਵਿਡ ਦੇ ਸ਼ੱਕੀ ਪੀੜਤਾਂ ਦੀ ਪਛਾਣ ਲਈ ਘਰ ਘਰ ਮੁਹਿੰਮ ਅਗਲੇ ਦਿਨਾਂ `ਚ

ਨਿਊਜ਼ ਪੰਜਾਬ

ਨਵਾਂਸ਼ਹਿਰ, 4 ਜੂਨ- ਕੋਵਿਡ ਖਿਲਾਫ਼ ਲੜਾਈ `ਚ ਨਵਾਂਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਦੀ ਸੀਮਾ ਨੇ ਜਿੱਤ ਹਾਸਿਲ ਕਰ ਲਈ ਹੈ। ਅੱਜ ਉਸ ਨੂੰ ਕੋਵਿਡ ਕੇਅਰ ਸੈਂਟਰ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਢਾਹਾਂ ਕਲੇਰਾਂ ਤੋਂ 7 ਦਿਨ ਦੇ ਘਰੇਲੂ ਇਕਾਂਤਵਾਸ `ਚ ਰਹਿਣ ਦੀ ਹਦਾਇਤ ਦੇ ਕੇ ਛੁੱਟੀ ਦੇ ਦਿੱਤੀ ਗਈ। ਇਸ ਤਰ੍ਹਾਂ ਸੀਮਾ ਵੀ ਜ਼ਿਲ੍ਹੇ ਦੇ ਉਨ੍ਹਾਂ 101 ਖੁਸ਼ਕਿਸਮਤ ਵਿਅਕਤੀਆਂ `ਚ ਸ਼ਾਮਿਲ ਹੋ ਗਈ ਹੈ, ਜਿਨ੍ਹਾਂ ਨੇ ਆਪਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਇਸ ਮਹਾਂਮਾਰੀ `ਤੇ ਕਾਬੂ ਪਾਇਆ ਹੈ।
ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿੱਚ ਇਕਾਂਤਵਾਸ ਵਿੱਚ ਰੱਖੇ ਕੁਵੈਤ ਤੋਂ ਵਾਪਿਸ ਆਏ ਇੱਕ ਵਿਅਕਤੀ ਵਿਜੈ ਕੁਮਾਰ ਰਾਹੋਂ ਦਾ ਟੈਸਟ ਪਾਜ਼ਿਟਿਵ ਆਉਣ ਬਾਅਦ ਉਸ ਨੂੰ ਢਾਹਾਂ ਕਲੇਰਾਂ ਆਈਸੋਲੇਸ਼ਨ ਸੁਵਿਧਾ `ਚ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਕੇਸ ਨੂੰ ਮਿਲਾ ਕੇ ਜ਼ਿਲ੍ਹੇ ਵਿੱਚ ਹੁਣ ਤੱਕ 106 ਪਾਜ਼ਿਟਿਵ ਮਾਮਲੇ ਆ ਚੁੱਕੇ ਹਨ, ਜਿਨ੍ਹਾਂ `ਚੋਂ ਇੱਕ ਦੀ ਮੌਤ ਹੋ ਚੁੱਕੀ ਹੈ, 101 ਠੀਕ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ `ਚ 4 ਐਕਟਿਵ ਮਾਮਲੇ ਹਨ, ਜਿਨ੍ਹਾਂ ਨੂੰ ਢਾਹਾਂ ਕਲੇਰਾਂ `ਚ ਰੱਖਿਆ ਹੋਇਆ ਹੈ।
ਡਾ. ਭਾਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਵਿੱਚ ਅਗਲੇ ਦਿਨਾਂ `ਚ ਡੋਰ-ਟੂ-ਡੋਰ ਮੁਹਿੰਮ ਆਰੰਭੀ ਜਾਵੇਗੀ, ਜਿਸ ਤਹਿਤ ਘਰ ਘਰ ਕੋਵਿਡ ਪੀੜਤਾਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 3432 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ `ਚੋਂ 3044 ਨੈਗੇਟਿਵ ਆਏ ਹਨ ਅਤੇ 282 ਦੇ ਨਤੀਜੇ ਬਕਾਇਆ ਹਨ।