ਡੀ ਸੀ ਵਿਨੈ ਬਬਲਾਨੀ ਨੂੰ ਸਮਾਜ ਸੇਵੀ ਰਮਨਦੀਪ ਵਲੋਂ ਇਕਾਂਤਵਾਸ `ਚ ਰੱਖੇ ਜਾਣ ਵਾਲੇ ਵਿਅਕਤੀਆਂ ਲਈ 100 ਕਿੱਟਾਂ ਭੇਟ
ਨਿਊਜ਼ ਪੰਜਾਬ
ਨਵਾਂਸ਼ਹਿਰ, 4 ਜੂਨ- ਪੰਜਾਬ ਸਰਕਾਰ ਵਲੋਂ ਕੋਵਿਡ-19 `ਤੇ ਕਾਬੂ ਪਾਉਣ ਲਈ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਆਰੰਭ ਮਿਸ਼ਨ ਫ਼ਤਿਹ ਨੂੰ ਅੱਜ ਜ਼ਿਲ੍ਹੇ ਵਿੱਚ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਮਾਜ ਸੇਵੀ ਰਮਨਦੀਪ ਸਿੰਘ ਪੁੱਤਰ ਸਵ. ਰੇਸ਼ਮ ਸਿੰਘ ਥਿਆੜਾ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਨੂੰ ਇਕਾਂਤਵਾਸ ਵਿੱਚ ਰੱਖੇ ਜਾਣ ਵਾਲੇ ਵਿਅਕਤੀਆਂ ਲਈ 100 ਹਾਈਜੀਨ ਕਿੱਟਾਂ ਭੇਟ ਕੀਤੀਆਂ ਗਈਆਂ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਸਮਾਜ ਸੇਵੀ ਨੌਜਵਾਨ ਰਮਨਦੀਪ ਦੇ ਇਸ ਹੰਭਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਇਸ ਪੱਖ ਤੋਂ ਭਾਗਸ਼ਾਲੀ ਹੈ ਕਿ ਕੋਵਿਡ ਮੁਸ਼ਕਿਲ ਦੇ ਦੌਰਾਨ ਵੱਡੀ ਗਿਣਤੀ ਵਿੱਚ ਦਾਨੀ ਸੱਜਣ/ਸੰਸਥਾਵਾਂ ਲੋਕਾਂ ਦੀ ਮੱਦਦ ਲਈ ਆਪ ਮੁਹਾਰੇ ਅੱਗੇ ਆਈਆਂ। ਉਨ੍ਹਾਂ ਕਿਹਾ ਕਿ ਚਾਹੇ ਇਨ੍ਹਾਂ ਸੰਸਥਾਵਾਂ ਦਾ ਯੋਗਦਾਨ ਆਈਸੋਲੇਸ਼ਨ ਵਾਰਡ `ਚ ਇਲਾਜ ਅਧੀਨ ਮਰੀਜ਼ਾਂ ਨੂੰ ਪੌਸ਼ਟਿਕ ਖਾਣਾ ਦੇਣ ਦਾ ਸੀ ਜਾਂ ਫਿ਼ਰ ਇਕਾਂਤਵਾਸ ਕੇਂਦਰਾਂ `ਚ ਰੱਖੇ ਗਏ ਵਿਅਕਤੀਆਂ ਲਈ ਖਾਣੇ ਦਾ ਪ੍ਰਬੰਧ ਕਰਨ ਦਾ ਸੀ, ਇਨ੍ਹਾਂ ਸੰਸਥਾਵਾਂ ਨੇ ਮਨੁੱਖਤਾ ਦੀਆਂ ਸਹੀ ਅਰਥਾਂ ਵਿੱਚ ਹਮਦਰਦ ਹੋਣ ਦਾ ਪ੍ਰਮਾਣ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਯੂਨਾਈਟਿਡ ਸਿੱਖਸ ਨਾਂ ਦੀ ਸੰਸਥਾ ਵਲੋਂ ਇਕਾਂਤਵਾਸ `ਚ ਰੱਖੇ ਜਾਣ ਵਾਲੇ ਵਿਅਕਤੀਆਂ ਲਈ ਡਾਇਰੈਕਟਰ ਜਸਮੀਤ ਸਿੰਘ ਅਤੇ ਕਮੇਡੀਅਨ ਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਘੁੱਗੀ ਵਲੋਂ ਵਿਸ਼ੇਸ਼ ਤੌਰ `ਤੇ ਬਹੁਤ ਸਾਰੀਆਂ ਕਿੱਟਾਂ ਨਿੱਜੀ ਤੌਰ `ਤੇ ਆ ਕੇ ਦਿੱਤੀਆਂ ਗਈਆਂ ਸਨ।
ਇਸ ਮੌਕੇ ਰਮਨਦੀਪ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਨ੍ਹਾਂ ਕਿੱਟਾਂ ਵਿੱਚ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਸਮਾਨ ਜਿਵੇਂ ਨਹਾਉਣ ਤੇ ਕੱਪੜੇ ਧੋਣ ਵਾਲਾ ਸਾਬਣ, ਸ਼ੈਂਪੂ, ਸੈਨਾਟਾਈਜ਼ਰ, ਮਾਸਕ, ਟੂਥਪੇਸਟ, ਬਰੱਸ਼, ਗੁਲੂਕੋਜ਼, ਔਰੇਂਜ ਸਕੂਐਂਸ਼, ਆਲ-ਆਊਟ, ਬਿਸਕੁਟ ਤੇ ਟਿਸ਼ੂ ਪੇਪਰ ਸ਼ਾਮਿਲ ਕੀਤੇ ਗਏ ਹਨ, ਤਾਂ ਜੋ ਇਕਾਂਤਵਾਸ `ਚ ਰਹਿਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਇਨ੍ਹਾਂ ਕਿੱਟਾਂ ਨੂੰ ਕੇ.ਸੀ. ਕਾਲਜ ਵਿਖੇ ਸਥਾਪਿਤ ਇਕਾਂਤਵਾਸ ਕੇਂਦਰ `ਚ ਭੇਜਿਆ ਜਾਵੇਗਾ ਤਾਂ ਜੋ ਲੋੜਵੰਦ ਲੋਕਾਂ ਦੇ ਕੰਮ ਆ ਸਕੇ।
====================================
ਫੋਟੋ ਕੈਪਸ਼ਨ – ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਸਮਾਜ ਸੇਵੀ ਰਮਨਦੀਪ ਸਿੰਘ ਵਲੋਂ ਇਕਾਂਤਵਾਸ ਕੇਂਦਰ ਲਈ ਦਿੱਤੀਆਂ ਗਈਆਂ ਹਾਈਜੀਨ ਕਿੱਟਾਂ ਦੇਖਦੇ ਹੋਏ।