ਡਿਪਟੀ ਕਮਿਸ਼ਨਰ ਵਲੋਂ ਮਿਸ਼ਨ ਫ਼ਤਿਹ `ਚ ਸਮੂਹ ਵਿਭਾਗਾਂ ਨੂੰ ਯੋਗਦਾਨ ਦੇ ਕੇ ਕੋਵਿਡ ਖਿਲਾਫ਼ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਕਿਹਾ
ਵੱਖ ਵੱਖ ਵਿਭਾਗਾਂ ਨੂੰ ਸੋਂਪੀਆਂ ਗਈਆਂ ਜ਼ਿੰਮੇਂਵਾਰੀਆਂ
ਨਿਊਜ਼ ਪੰਜਾਬ
ਨਵਾਂਸ਼ਹਿਰ, 4 ਜੂਨ-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਜ਼ਿਲ੍ਹੇ ਦੇ ਵੱਖ ਵੱਖ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਰਾਹੀਂ ਕੋਵਿਡ ਖਿਲਾਫ਼ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਪੰਜਾਬ ਦੇ ਲੋਕਾਂ ਦੀ ਮੁਸ਼ਕਿਲ ਭਰੀ ਸਥਿਤੀ ’ਚ ਮਹਾਂਮਾਰੀ ਨੂੰ ਹਰਾਉਣ ਦੀ ਸਾਂਝੀ ਕੋਸ਼ਿਸ਼ ਹੈ। ਇਹ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਲਈ ਮਿਸ਼ਨ ਹੋਵੇਗਾ।ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਲਈ ਚੱਲਣ ਵਾਲੀ ਇਸ ਮੁਹਿੰਮ ਤਹਿਤ, ਰਾਜ ਸਰਕਾਰ ਲੋਕਾਂ ’ਚ ਸਮੂਹਿਕ ਤੌਰ ’ਤੇ ਵੱਖ-ਵੱਖ ਸਾਵਧਾਨੀਆਂ ਜਿਵੇ ਕਿ ਮਾਸਕ ਪਹਿਨਣਾ,
ਹੱਥਾਂ ਨੂੰ ਧੋਣਾ, ਸਮਾਜਿਕ ਫ਼ਾਸਲਾ ਬਣਾ ਕੇ ਰੱਖਣਾ, ਬਜ਼ੁਰਗਾਂ ਦਾ ਖਿਆਲ ਰੱਖਣਾ, ਆਪਣੇ ਆਲੇ-ਦੁਆਲੇ ਬਾਹਰ ਤੋਂ ਆਏ ਵਿਅਕਤੀ ਪ੍ਰਤੀ ਚੇਤੰਨ ਰਹਿਣਾ, ਕੋਵਾ ਐਪ (ਸਮਾਰਟ ਫ਼ੋਨਾਂ ਰਾਹੀਂ) ਦੀ ਮੱਦਦ ਰਾਹੀਂ ਕੋਵਿਡ ਪੀੜਤਾਂ ਦੀ ਨਿਸ਼ਾਨਦੇਹੀ ਅਤੇ ਉਨ੍ਹਾਂ ਤੋਂ ਸੁਰੱਖਿਅਤ ਫ਼ਾਸਲਾ ਬਣਾ ਕੇ ਰੱਖਣਾ, ਘਰ ’ਚ ਇਕਾਂਤਵਾਸ ਦੀ ਮਹੱਤਤਾ, ਫ਼ਲੂ ਦੇ ਲੱਛਣ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ, ਲਾਕਡਾਊਨ 5.0 ਦੌਰਾਨ ਪਾਬੰਦੀਆਂ ਅਤੇ ਉਲੰਘਣਾ ’ਤੇ ਸਜ਼ਾ/ਜੁਰਮਾਨਾ, ਮਹਾਂਮਾਰੀ ਨਾਲ ਸਾਂਝੇ ਤੌਰ ’ਤੇ ਲੜਨ ਲਈ ਲੋਕਾਂ ਦੀ ਲਾਮਬੰਦੀ, ਇਸ ਗੱਲ ਨੂੰ ਸਮਝਾਉਣਾ ਕਿ ਬਿਮਾਰੀ ਦਾ ਹਮਲਾ ਖਤਮ ਨਹੀਂ ਹੋਇਆ ਸਗੋਂ ਸਥਿਤੀ ਹੋਰ ਖਤਰੇ ਵਾਲੀ ਬਣ ਗਈ ਹੈ, ਬਾਰੇ ਜਾਗਰੂਕਤਾ ਪੈਦਾ ਕਰੇਗੀ।
ਉਨ੍ਹਾਂ ਕਿਹਾ ਕਿ ਸਮੂਹ ਐਨ ਜੀ ਓਜ਼, ਚੈਰੀਟੇਬਲ ਸੰਸਥਾਂਵਾਂ ਅਤੇ ਸਮਾਜਿਕ ਸੰਗਠਨਾਂ ਨੂੰ ਆਪੋ-ਆਪਣੇ ਇਲਾਕਿਆਂ ’ਚ ਅਜਿਹੀਆਂ ਮੁਹਿੰਮਾਂ ਚਲਾਉਣ ਲਈ ਬੇਨਤੀ ਕੀਤੀ ਜਾਵੇ। ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਖੁਦ ਸਾਵਧਾਨੀਆਂ ਦੀ ਪਾਲਣਾ ਦੀ ਮਿਸਾਲ ਬਣਦੇ ਹੋਏ, ਆਪਣੇ ਆਲੇ-ਦੁਆਲੇ ਹੋਣ ਵਾਲੀ ਉਲੰਘਣਾ ਬਾਰੇ ਦੱਸਣ। ਜ਼ਿਲ੍ਹਾ ਪ੍ਰਸ਼ਾਸਨ ਇਸ ਮੁਹਿੰਮ ਦੀ ਸਫ਼ਲਤਾ ਵਿੱਚ ਲੋਕਾਂ ਅਤੇ ਸਰਕਾਰ ਵਿਚਾਲੇ ਕੜੀ ਬਣ ਕੇ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ਜਾਗਰੂਕ ਤੇ ਸੁਰੱਖਿਅਤ ਰਹਿਣ ਲਈ ਪ੍ਰੇਰਿਤ ਕਰਕੇ ਅਹਿਮ ਜ਼ਿੰਮੇਂਵਾਰੀ ਨਿਭਾਅ ਸਕਦਾ ਹੈ। ਸਮੂਹ ਵਿਭਾਗ ਇਕੱਠੇ ਹੋ ਕੇ ਅਤੇ ਇਕਸਾਰਤਾ ’ਚ ਕੰਮ ਕਰ ਕੇ ਸੂਬੇ ’ਚ ਹਾਂ-ਪੱਖੀ ਮਾਹੌਲ ਬਣਾ ਕੇ ਅਤੇ ਲੋਕਾਂ ਦਾ ਸਹਿਯੋਗ ਲੈ ਕੇ ਇਸ ਮਿਸ਼ਨ ਨੂੰ ਕਾਮਯਾਬ ਕਰ ਸਕਦੇ ਹਨ। ਕੇਵਲ ਏਨਾ ਕਹਿਣ ਨਾਲ ਕਿ ਬਿਮਾਰੀ ਦੇ ਖ਼ਿਲਾਫ਼ ਜੰਗ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ, ਤੱਕ ਸੀਮਿਤ ਰਹਿਣ ਦੀ ਬਜਾਏ ਲੋਕਾਂ ’ਚ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨ ਨਾਲ ਹੀ ਸਰਕਾਰ ਆਪਣੇ ਬਿਮਾਰੀ ਨੂੰ ਹਰਾਉਣ ਦੇ ਮੰਤਵ ’ਚ ਸਫ਼ਲ ਹੋ ਸਕਦੀ ਹੈ। ਇਸ ਲਈ ਹਰੇਕ ਨਾਗਰਿਕ ਦੀ ਆਪਣੇ ਪਰਿਵਾਰ, ਆਂਢ-ਗੁਆਂਢ ਅਤੇ ਰਾਸ਼ਟਰ ਪ੍ਰਤੀ ਇਹ ਜ਼ਿੰਮੇਂਵਾਰੀ ਬਣ ਜਾਂਦੀ ਹੈ ਕਿ ਉਹ ਹਰ ਸਮੇਂ ਚੇਤੰਨ ਰਹੇ।
ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਉਨ੍ਹਾਂ ਦੀ ਅਗਵਾਈ `ਚ ਜ਼ਿਲ੍ਹਾ ਪੱਧਰ ਦੀ ਕਮੇਟੀ ਵੀ ਬਣਾਈ ਗਈ ਹੈ, ਜਿਸ ਵਿੱਚ ਸਿਵਲ ਸਰਜਨ, ਡੀ ਡੀ ਪੀ ਓ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰ, ਜ਼ਿਲ੍ਹਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ, ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ), ਜ਼ਿਲ੍ਹਾ ਸਿਖਿਆ ਅਫ਼ਸਰ (ਪ੍ਰਾਇਮਰੀ), ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਤੌਰ ਮੈਂਬਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਨੇ ਸਮੂਹ ਵਿਭਾਗਾਂ ਨੂੰ ਆਪੋ ਆਪਣੀ ਜ਼ਿੰਮੇਂਵਾਰੀ ਅਨੁਸਾਰ ਲੋਕਾਂ ਨੂੰ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਲਈ ਆਖਿਆ। ਇਸ ਮੀਟਿੰਗ `ਚ ਡੀ.ਐਸ.ਪੀ. ਦੀਪਿਕਾ ਸਿੰਘ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ, ਡੀ.ਡੀ.ਪੀ.ਓ. ਦਵਿੰਦਰ ਸ਼ਰਮਾ, ਬੀ.ਡੀ.ਪੀ.ਓ. ਇਸ਼ਾਨ ਚੌਧਰੀ ਬਲਾਚੌਰ ਤੇ ਸੰਦੀਪ ਸਿੰਘ ਬੰਗਾ, ਸੀ.ਡੀ.ਪੀ.ਓ. ਪੂਰਨ ਪੰਕਜ ਸ਼ਰਮਾ ਤੇ ਸ਼੍ਰੀਮਤੀ ਜਸਵਿੰਦਰ ਕੌਰ, ਜੀ.ਓ.ਜੀ. ਦੇ ਤਹਿਸੀਲ ਬੰਗਾ ਦੇ ਹੈਡ ਸ਼ਰਨਜੀਤ ਸਿੰਘ ਤੇ ਡਾ. ਦਵਿੰਦਰ ਢਾਂਡਾ ਮੌਜੂਦ ਸਨ।
ਫੋਟੋ ਕੈਪਸ਼ਨ – ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕਰਦੇ ਹੋਏ।