ਹੁਣ ਆਗਿਆ ਦੀ ਲੋੜ ਨਹੀਂ – ਕਰ ਲਓ ਵਿਆਹ ! — ਪਰ —-
ਵਿਆਹ ਅਤੇ ਹੋਰ ਸਮਾਜਿਕ ਕਾਰਜਾਂ ਲਈ ਆਗਿਆ ਦੀ ਲੋੜ੍ਹ ਨਹੀਂ-ਜ਼ਿਲ੍ਹਾ ਮੈਜਿਸਟ੍ਰੇਟ
-ਹੁਣ ਰੇਲ ਯਾਤਰੀਆਂ ਦੀ ਸੂਚੀ ਵੈੱਬਸਾਈਟ www.ludhiana.nic.in ‘ਤੇ ਵੀ ਦੇਖੀ ਜਾ ਸਕੇਗੀ
ਨਿਊਜ਼ ਪੰਜਾਬ
ਲੁਧਿਆਣਾ, 19 ਮਈ – ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਹੁਣ ਵਿਆਹ ਅਤੇ ਹੋਰ ਸਮਾਜਿਕ ਸਮਾਗਮਾਂ ਲਈ ਕਿਸੇ ਵੀ ਤਰ੍ਹਾਂ ਦੀ ਆਗਿਆ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਵਿਆਹ ਆਦਿ ਸਮਾਗਮਾਂ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ ਅਤੇ ਸਮਾਗਮ ਵਿੱਚ 50 ਤੋਂ ਜਿਆਦਾ ਵਿਅਕਤੀ ਇਕੱਤਰ ਨਹੀਂ ਹੋ ਸਕਦੇ ਹਨ। ਵਿਆਹ ਲਈ ਮੈਰਿਜ ਪੈਲੇਸ, ਬੈਂਕੁਇਟ ਹਾਲ, ਜੰਝ ਘਰ ਆਦਿ ਨਹੀਂ ਵਰਤੇ ਜਾ ਸਕਣਗੇ। ਕਰਫਿਊ ਸਮੇਂ (ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ) ਵਿਆਹ ਸਮਾਗਮ ਨਹੀਂ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਮ੍ਰਿਤਕ ਦੇਹ ਦੇ ਸਸਕਾਰ, ਅੰਤਿਮ ਰਸਮਾਂ, ਰਸਮ ਪਗੜੀ, ਕਿਰਿਆ, ਭੋਗ ਅਤੇ ਅੰਤਿਮ ਅਰਦਾਸ ਸਮਾਗਮਾਂ ਦੌਰਾਨ ਵੀ 20 ਵਿਅਕਤੀਆਂ ਤੋਂ ਜਿਆਦਾ ਇਕੱਠ ਨਹੀਂ ਕੀਤਾ ਜਾ ਸਕਦਾ ਅਤੇ ਇਕੱਠ ਵਿੱਚ ਸਮਾਜਿਕ ਦੂਰੀ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਸ਼ਹਿਰ ਲੁਧਿਆਣਾ ਤੋਂ ਮਿਤੀ 20 ਮਈ ਤੋਂ 12 ਰੇਲਾਂ ਰੋਜ਼ਾਨਾ ਅਲੱਗ-ਅਲੱਗ ਰਾਜਾਂ ਲਈ ਜਾਇਆ ਕਰਨਗੀਆਂ। ਹਰੇਕ ਰੇਲ ਵਿੱਚ 1200 ਪ੍ਰਵਾਸੀਆਂ ਨੂੰ ਭੇਜਣ ਦਾ ਟੀਚਾ ਹੈ ਤਾਂ ਜੋ ਉਹ ਆਪਣੇ ਸੂਬਿਆਂ ਵਿੱਚ ਪਰਿਵਾਰਾਂ ਨੂੰ ਮਿਲ ਸਕਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਯਾਤਰੀਆਂ ਨੂੰ ਉਨ੍ਹਾਂ ਦੇ ਰੇਲ ਸੰਬੰਧੀ ਮੋਬਾਈਲ ‘ਤੇ ਮੈਸੇਜ਼ ਭੇਜ ਕੇ ਸੂਚਿਤ ਕੀਤਾ ਜਾ ਰਿਹਾ ਹੈ, ਪਰ ਕਈ ਵਾਰ ਉਹ ਇਹ ਮੈਸੇਜ਼ ਦੇਖ ਜਾਂ ਪੜ੍ਹ ਨਹੀਂ ਪਾਉਂਦੇ। ਇਸ ਲਈ ਹੁਣ ਅਗਲੇ ਦਿਨ ਜਾਣ ਵਾਲੇ ਸਾਰੇ ਯਾਤਰੀਆਂ ਦੀ ਸੂਚੀ ਅਤੇ ਯੂਨੀਕ ਨੰਬਰ ਜ਼ਿਲ੍ਹਾ ਪ੍ਰਸਾਸ਼ਨ ਦੀ ਵੈੱਬਸਾਈਟ www.ludhiana.nic.in ‘ਤੇ ਪਾ ਦਿੱਤੇ ਜਾਣ ਲੱਗੇ ਹਨ। ਇਸ ਨਾਲ ਇਹ ਵਿਅਕਤੀਆਂ ਖੱਜਲ ਖੁਆਰੀ ਤੋਂ ਬਚਣ ਦੇ ਨਾਲ-ਨਾਲ ਸਹੀ ਸਮੇਂ ‘ਤੇ ਆਪਣੇ ਸੂਬੇ ਨੂੰ ਜਾਣ ਲਈ ਤਿਆਰ ਹੋ ਸਕਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਹਜ਼ਾਰਾਂ ਕਾਲਾਂ ਦਾ ਵੀ ਬੋਝ ਘਟ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ 10 ਰੇਲਾਂ ਵੱਖ-ਵੱਖ ਸੂਬਿਆਂ ਨਾਲ ਸੰਬੰਧਤ ਸ਼ਹਿਰਾਂ (ਸੀਤਾਮੜੀ, ਅਕਬਰਪੁਰ, ਆਜ਼ਮਗੜ੍ਹ, ਗੋਰਖ਼ਪੁਰ, ਹਰਦੋਈ, ਬਸਤੀ, ਉਨਾਓ, ਫੈਜ਼ਾਬਾਦ, ਰਾਏ ਬਰੇਲੀ, ਜੌਨਪੁਰ) ਲਈ ਰਵਾਨਾ ਹੋਈਆਂ। ਹਰੇਕ ਰੇਲ ਵਿੱਚ 1200 ਤੋਂ ਵਧੇਰੇ ਪ੍ਰਵਾਸੀ ਰਵਾਨਾ ਹੋ ਰਹੇ ਹਨ।
ਸਿਹਤ ਵਿਭਾਗ ਦੀ ਰਿਪੋਰਟ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਮਿਤੀ 19 ਮਈ ਤੱਕ 5078 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 4724 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ 354 ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 176 ਹੈ, ਜਦਕਿ ਬਾਕੀ ਜ਼ਿਲ੍ਹਿਆਂ ਨਾਲ ਸੰਬੰਧਤ ਮਰੀਜ਼ਾਂ ਦੀ ਗਿਣਤੀ 77 ਹੈ। 4471 ਮਰੀਜ਼ਾਂ ਦੇ ਨਮੂਨੇ ਟੈਸਟ ਨੈਗੇਟਿਵ ਆਏ ਹਨ। ਹੁਣ ਤੱਕ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 125 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 7 ਹੈ।