ਐੱਨ 95 ਮਾਸਕ ਅਤੇ ਪੀ. ਪੀ. ਈ. ਕਿੱਟਾਂ ਕਮੇਟੀ ਦੀ ਤਸੱਲੀ ਤੋਂ ਬਾਅਦ ਹੀ ਸਪਲਾਈ ਕੀਤੀਆਂ ਜਾਇਆ ਕਰਨਗੀਆਂ-ਸਿਵਲ ਸਰਜਨ

ਨਿਊਜ਼ ਪੰਜਾਬ

ਲੁਧਿਆਣਾ, 19 ਮਈ -ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਲੁਧਿਆਣਾ ਵਿਖੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਅੱਜ ਮੀਡੀਆ ਵਿੱਚ ਐੱਨ 95 ਮਾਸਕ ਬਾਰੇ ਜੋ ਮੁੱਦਾ ਉਠਾਇਆ ਗਿਆ ਸੀ, ਉਸ ਸੰਬੰਧੀ ਅੱਜ ਉਨ੍ਹਾਂ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਐੱਨ 95 ਮਾਸਕਾਂ ਅਤੇ ਪੀ. ਪੀ. ਈ. ਕਿੱਟਾਂ ਦੀ ਗੁਣਵੱਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਡਾ. ਬੱਗਾ ਨੇ ਦੱਸਿਆ ਕਿ ਇਹ ਮੁੱਦਾ ਸਿਰਫ਼ ਸਿਵਲ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਹੀ ਉਠਾਇਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਾਰਾ ਮੈਡੀਕਲ ਸਮਾਨ ਰਾਜ ਪੱਧਰ ਤੋਂ ਹੀ ਸਪਲਾਈ ਕੀਤਾ ਜਾ ਰਿਹਾ ਹੈ। ਇਹ ਪੀ. ਪੀ. ਈ. ਕਿੱਟਾਂ ਸਿਟਰਾ (ਐੱਸ. ਆਈ. ਟੀ. ਆਰ. ਏ.) ਵੱਲੋਂ ਅਤੇ ਐੱਨ 95 ਮਾਸਕ ਡੀ. ਆਰ. ਡੀ. ਓ. ਵੱਲੋਂ ਅਪਰੂਵਡ ਹਨ।
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਐੱਨ 95 ਮਾਸਕ ਦੇ ਸੰਬੰਧ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਦੀਆਂ ਤਣੀਆਂ ਐਡਜਸਟੇਬਲ ਹੋਣੀਆਂ ਚਾਹੀਦੀਆਂ ਹਨ ਅਤੇ ਜੋ ਸਾਈਡ ‘ਤੇ ਰੈਸਪੀਰੇਟਰ ਵਾਲਵ ਹਨ, ਉਹ ਨਹੀਂ ਹੋਣੇ ਚਾਹੀਦੇ ਹਨ। ਇਸ ਸੰਬੰਧੀ ਗਠਿਤ ਕੀਤੀ ਗਈ ਕਮੇਟੀ ਵੱਲੋਂ ਭਵਿੱਖ ਵਿੱਚ ਉਕਤ ਸਮਾਨ ਦੀ ਗੁਣਵੱਤਾ ਨੂੰ ਘੋਖਿਆ ਜਾਵੇਗਾ ਅਤੇ ਕਮੇਟੀ ਦੀ ਤਸੱਲੀ ਤੋਂ ਬਾਅਦ ਹੀ ਸਪਲਾਈ ਸੰਬੰਧਤ ਸਟਾਫ਼ ਨੂੰ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।