ਮੁੱਖ ਖ਼ਬਰਾਂਪੰਜਾਬ

ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਲੁਧਿਆਣਾ ‘ਚ ਹਜ਼ਾਰਾਂ ਲੋਕ ਯੋਗ ਦਾ ਲੈ ਰਹੇ ਲਾਭ

ਨਿਊਜ਼ ਪੰਜਾਬ

ਲੁਧਿਆਣਾ, 18 ਅਪ੍ਰੈਲ 2025

ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ‘ਸੀ.ਐਮ. ਦੀ ਯੋਗਸ਼ਾਲਾ’ ਯੋਜਨਾ ਸੂਬੇ ਦੇ ਨਾਗਰਿਕਾਂ ਨੂੰ ਮੁਫਤ ਯੋਗ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਿੱਧ ਹੋ ਰਹੀ ਹੈ। ਇਸ ਯੋਜਨਾ ਦਾ ਉਦੇਸ਼ ਯੋਗ ਨੂੰ ਘਰ-ਘਰ ਤੱਕ ਪਹੁੰਚਾ ਕੇ ਇੱਕ ਜਨ ਅੰਦੋਲਨ ਦਾ ਰੂਪ ਦੇਣਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੇ ਇਸ ਅਭਿਆਨ ਤਹਿਤ ਸਹੀ ਯੋਗਾ ਟ੍ਰੇਨਰਾਂ ਦੀ ਇੱਕ ਵਿਸ਼ੇਸ਼ ਟੀਮ ਗਠਿਤ ਹੈ ਜੋ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ‘ਸੀ.ਐਮ. ਦੀ ਯੋਗਸ਼ਾਲਾ’ ਰਾਹੀਂ ਲੁਧਿਆਣਾ ਦੇ ਹਜ਼ਾਰਾਂ ਲੋਕ ਲਾਭ ਲੈ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਬੀ.ਡੀ.ਪੀ.ਓਜ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਵੱਧ ਤੋਂ ਵੱਧ ਨਾਗਰਿਕਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਯੋਗ ਦੇ ਲਾਭ ਬਾਰੇ ਜਾਣਕਾਰੀ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 193 ਸਥਾਨਾਂ ‘ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 9666 ਲੋਕਾਂ ਨੇ ਇਸ ਯੋਜਨਾ ਤਹਿਤ ਆਪਣੀ ਰਜਿਸਟਰੇਸ਼ਨ ਕਰਵਾਈ ਹੈ।

ਮੁੱਖ ਮੰਤਰੀ ਯੋਗਸ਼ਾਲਾ ਅਭਿਆਨ ਦੇ ਅਧੀਨ ਲੁਧਿਆਣਾ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਯੋਗਾ ਟ੍ਰੇਨਰ ਆਪਣੀ ਮਿਹਨਤ ਅਤੇ ਲਗਨ ਨਾਲ ਲੋਕਾਂ ਨੂੰ ਯੋਗ ਤੋਂ ਜਾਣੂੰ ਕਰਵਾ ਰਹੇ ਹਨ। ਇਨ੍ਹਾਂ ਵਿੱਚ ਬਲਾਕ ਰਾਏਕੋਟ ਤੋਂ ਅਵਤਾਰ ਸਿੰਘ ਅਤੇ ਸਤਵੀਰ ਸਿੰਘ, ਬਲਾਕ ਸੁਧਾਰ ਤੋਂ ਰਾਹੁਲ ਕੁਮਾਰ ਸ਼ਰਮਾ, ਹਲਵਾਰਾ ਤੋਂ ਰਜੇਸ਼ ਕੁਮਾਰ ਲਖੇਰਾ, ਸਿੱਧਵਾਂ ਬੇਟ ਤੋਂ ਇੰਦਰਜੀਤ ਕੌਰ, ਜਗਰਾਉਂ ਤੋਂ ਮਧੂ ਤੇ ਸੂਰਯਾਕਾਂਤ ਕੁਮਾਰ, ਪੱਖੋਵਾਲ ਤੋਂ ਜੁਝਾਰ ਸਿੰਘ ਯਾਦਵ ਤੇ ਰਿਸ਼ਭ, ਡੇਹਲੋਂ ਤੋਂ ਧਰਮਦੇਵ ਸ਼ਰਮਾ, ਮਲੌਦ ਤੋਂ ਮਨਜੀਤ ਕੌਰ, ਦੋਰਾਹਾ ਤੋਂ ਰਾਜਕੁਮਾਰ, ਖੰਨਾ ਤੋਂ ਇਕਬਾਲ ਕੌਰ ਤੇ ਕਾਸਵੀ, ਸਮਰਾਲਾ ਤੋਂ ਮਨਪ੍ਰੀਤ ਸਿੰਘ ਤੇ ਦਿਵਿਆਂਸ਼ੀ ਸ੍ਰੀਵਾਸਤਵ, ਮਾਛੀਵਾੜਾ ਸਾਹਿਬ ਤੋਂ ਅਮਰਦੀਪ ਸਿੰਘ, ਇੰਦਰਜੀਤ ਕੌਰ, ਲਕਸ਼ਮੀ, ਨੇਹਾ, ਸੋਨਾ ਰਾਣੀ, ਨੈਨਾ ਸ਼ਰਮਾ, ਅਭਿਸ਼ੇਕ, ਆਰਿਅਨ, ਮੋਨੀਕਾ, ਅਮਰਜੀਤ, ਰਮਨਦੀਪ ਕੌਰ, ਪ੍ਰੀਤੀ ਨੇਗੀ, ਅਰੁਣ ਕੁਮਾਰ ਚੌਧਰੀ, ਸ੍ਰਿਸ਼ਟੀ, ਸ਼ਕਤੀ, ਸੁ਼ਭਮ ਸੇਮਵਾਲ, ਹਰਜੀਤ ਕੌਰ, ਹਰਸ਼ਿਤ, ਰਤੰਬਰਾ ਅਤੇ ਅਮਨਦੀਪ ਕੌਰ ਯੋਗਾ ਟ੍ਰੇਨਰ ਸ਼ਾਮਲ ਹਨ।

ਲੋਕ ਧਿਆਨ, ਸੂਕਸ਼ਮ ਕਸਰਤ, ਸਥੂਲ ਕਸਰਤ, ਯੋਗਾਸਨ, ਪ੍ਰਾਣਿਆਮ ਅਤੇ ਸੂਰਯਾ ਨਮਸਕਾਰ ਵਰਗੀਆਂ ਯੋਗ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਦਿਆਂ ਨਾ ਸਿਰਫ ਮਾਨਸਿਕ ਅਤੇ ਸਰੀਰਕ ਰੂਪ ਨਾਲ ਤੰਦਰੁਸਤ ਹੋ ਰਹੇ ਹਨ ਸਗੋਂ ਸ਼ੂਗਰ, ਅਸਥਮਾ, ਸਾਈਟਿਕਾ, ਮਾਈਗ੍ਰੇਨ, ਕਮਰ ਦਰਦ, ਗੋਡਿਆਂ ਦਾ ਦਰਦ, ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਵਰਗੀਆਂ ਵੱਖ-ਵੱਖ ਸਮੱਸਿਆਵਾਂ ਤੋਂ ਵੀ ਰਾਹਤ ਮਹਿਸੂਸ ਕਰ ਰਹੇ ਹਨ।

‘ਸੀ.ਐਮ. ਦੀ ਯੋਗਸ਼ਾਲਾ’ ਇੱਕ ਵਾਰ ਫੇਰ ਇਹ ਸਿੱਧ ਕਰ ਰਹੀ ਹੈ ਕਿ ਯੋਗ ਨਾ ਸਿਰਫ ਇੱਕ ਪ੍ਰਾਚੀਨ ਅਭਿਆਸ ਹੈ ਸਗੋਂ ਇਹ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ਦਾ ਵੀ ਪ੍ਰਭਾਵੀ ਮਾਧਿਅਮ ਹੈ।