ਮੁੱਖ ਖ਼ਬਰਾਂਪੰਜਾਬ

ਕੇਂਦਰ ਸਰਕਾਰ ਸਾਰੀਆਂ ਫ਼ਸਲਾਂ ‘ਤੇ ਦੇਵੇ ਐਮ.ਐਸ.ਪੀ., ਪੰਜਾਬ ਦੇ ਕਿਸਾਨ ਭਰ ਦੇਣਗੇ ਅੰਨ ਭੰਡਾਰ-ਡਾ. ਬਲਬੀਰ ਸਿੰਘ

ਨਿਊਜ਼ ਪੰਜਾਬ

18 ਅਪ੍ਰੈਲ 2025

ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੰਡੀਆਂ ‘ਚ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ‘ਤੇ ਐਮ.ਐਸ.ਪੀ. ਦੇਵੇ ਅਤੇ ਨਾਲ ਹੀ ਪੰਜਾਬ ਦਾ ਪਿਛਲੇ ਤਿੰਨ ਸਾਲਾਂ ਤੋਂ ਰੋਕਿਆ ਹੋਇਆ ਦਿਹਾਤੀ ਵਿਕਾਸ ਫ਼ੰਡ ਵੀ ਜਾਰੀ ਕਰੇ ਤਾਂ ਕਿ ਸੂਬੇ ‘ਚ ਮੰਡੀਕਰਨ ਢਾਂਚਾ ਮਜ਼ਬੂਤ ਕਰਕੇ ਪਿੰਡਾਂ ‘ਚ ਸੜਕਾਂ ਦਾ ਵਿਕਾਸ ਕਰਵਾਇਆ ਜਾ ਸਕੇ।

ਸਿਹਤ ਮੰਤਰੀ ਨੇ ਇਸ ਦੌਰਾਨ ਮੰਡੌੜ, ਧੰਗੇੜਾ, ਬਖ਼ਸ਼ੀਵਾਲਾ, ਲੰਗ ਤੇ ਪਟਿਆਲਾ ਦੀਆਂ ਅਨਾਜ ਮੰਡੀਆਂ ਵਿਖੇ ਕਿਸਾਨਾਂ, ਆੜਤੀਆਂ ਤੇ ਲੇਬਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਗੱਲੋਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਇਸ ਵਾਰ ਕਣਕ ਦੀ ਸੋਨੇ ਵਰਗੀ ਬੰਪਰ ਫ਼ਸਲ ਹੋਈ ਹੈ, ਇਸ ਨਾਲ ਕਿਸਾਨ ਵੀ ਖੁਸ਼ ਹਨ ਤੇ ਆੜਤੀਆ ਤੇ ਮਜ਼ਦੂਰ ਵੀ ਖੁਸ਼ ਹੈ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਮਾਰਕੀਟ ਕਮੇਟੀ ਨਾਭਾ ਦੇ ਚੇਅਰਮੈਨ ਗੁਰਦੀਪ ਸਿੰਘ ਟਿਵਾਣਾ, ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਸਮੇਤ ਖੁਰਾਕ ਤੇ ਸਿਵਲ ਸਪਲਾਈਜ, ਮੰਡੀ ਬੋਰਡ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀ ਵੀ ਮੌਜੂਦ ਸਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਫ਼ਸਲ ਦੀ ਖਰੀਦ ਲਈ ਸਾਰੀਆਂ ਮੰਡੀਆਂ ਵਿੱਚ ਪੁਖ਼ਤਾ ਇੰਤਜਾਮ ਕੀਤੇ ਸਨ, ਇਸ ਲਈ ਸਰਕਾਰ ਕਣਕ ਦਾ ਇੱਕ-ਇੱਕ ਦਾਣਾ ਸੁਚੱਜੇ ਢੰਗ ਨਾਲ ਖਰੀਦ ਰਹੀ ਹੈ। ਉਨ੍ਹਾਂ ਨੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਲਿਫ਼ਟਿੰਗ ਤੇਜ ਕਰਵਾਈ ਜਾਵੇ।

ਡਾ. ਬਲਬੀਰ ਸਿੰਘ ਨੇ ਸਮੂਹ ਕਿਸਾਨਾਂ, ਆੜਤੀਆਂ ਤੇ ਲੇਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2021 ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੂਰਾ ਕਰਨ।

ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਵਾਅਦੇ ਮੁਤਾਬਕ ਦੇਸ਼ ਦੇ 80 ਕਰੋੜ ਲੋਕਾਂ ਨੂੰ ਵੰਡੇ ਜਾਣ ਵਾਲੇ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਤੇ ਜਾਂਦੇ ਅਨਾਜ ਸਮੇਤ ਦਾਲਾਂ, ਛੋਲੇ, ਤੇਲ ਬੀਜਾਂ ‘ਤੇ ਐਮ.ਐਸ.ਪੀ. ਦੇਣ, ਤਾਂ ਪੰਜਾਬ ਦਾ ਕਿਸਾਨ ਕਣਕ-ਝੋਨੇ ਦੀ ਤਰ੍ਹਾਂ ਬਾਕੀ ਫ਼ਸਲਾਂ ਨਾਲ ਵੀ ਅੰਨ ਭੰਡਾਰ ਭਰ ਦੇਵੇਗਾ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੀ ਭਲਾਈ ਲਈ ਤਨਦੇਹੀ ਨਾਲ ਲੱਗੀ ਹੋਈ ਹੈ ਉਸੇ ਤਰ੍ਹਾਂ ਕਿਸਾਨ ਵੀ ਦੇਸ਼ ਦਾ ਅੰਨ ਭੰਡਾਰ ਭਰਨ ਲੱਗੇ ਹੋਏ ਹਨ, ਇਸ ਲਈ ਕਿਸਾਨਾਂ ਨੂੰ ਕੇਂਦਰ ਦੀ ਮਦਦ ਦੀ ਵੀ ਲੋੜ ਹੈ।

ਇਸ ਦੌਰਾਨ ਜਗਦੀਪ ਸਿੰਘ ਸਰਪੰਚ ਧੰਗੇੜਾ, ਗੁਰਪ੍ਰੀਤ ਸਿੰਘ ਸਰਪੰਚ ਪੇਧਨੀ, ਹਰਜੀਤ ਸਿੰਘ ਕੈਦੂਪੁਰ, ਪੱਪੂ ਸਿੰਘ ਸਰਪੰਚ ਕੈਦੂਪੁਰ, ਗੁਰਮੀਤ ਸਿੰਘ ਖਰੌੜ, ਹਰਪ੍ਰੀਤ ਸਿੰਘ ਸਰਪੰਚ ਮੰਡੌੜ, ਇੰਦਰਦੀਪ ਸਿੰਘ ਸਰਪੰਚ ਬਖ਼ਸ਼ੀਵਾਲ ਆਦਿ ਸਮੇਤ ਪਟਿਆਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਸਿੰਘ ਸੈਣੀ, ਨਰੇਸ਼ ਮਿੱਤਲ, ਅਸ਼ੋਕ ਕੁਮਾਰ ਮੋਢੀ, ਚਰਨਦਾਸ ਗੋਇਲ, ਖਰਦਮਨ ਰਾਏ ਗੁਪਤਾ, ਅਸ਼ੋਕ ਕੁਮਾਰ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਕਰਨੈਲ ਸਿੰਘ, ਬਹਾਲ ਸਿੰਘ, ਦਰਬਾਰਾ ਸਿੰਘ ਜਾਹਲਾਂ, ਵਿਕਰਮਜੀਤ ਸਿੰਘ ਸੈਣੀ, ਤੀਰਥ ਬਾਂਸਲ, ਹਰਦੇਵ ਸਿੰਘ, ਰਕੇਸ਼ ਭਾਨਰਾ ਅਤੇ ਹੋਰ ਨੁਮਾਇੰਦਿਆਂ ਨਾਲ ਬੈਠਕ ਵੀ ਕੀਤੀ।