ਮੁੱਖ ਖ਼ਬਰਾਂਪੰਜਾਬ

ਬਠਿੰਡਾ ਪੁਲਿਸ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰਾਂ ਦੀ ਕੀਤੀ ਅਚਨਚੇਤ ਚੈਕਿੰਗ

ਨਿਊਜ਼ ਪੰਜਾਬ

ਬਠਿੰਡਾ,24 ਫਰਵਰੀ 2025

ਅਮਰੀਕਾ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦੇਣ ਦੀ ਹਾਲੀਆ ਘਟਨਾ ਤੋਂ ਬਾਅਦ ਸਰਕਾਰ ਨੇ ਟਰੈਵਲ ਏਜੰਟਾਂ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਸੀਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਭਾਰੀ ਰਕਮ ਵਸੂਲਣ ਵਾਲੇ ਟਰੈਵਲ ਏਜੰਸੀਆਂ, ਆਈਲੈਟਸ ਸੈਂਟਰਾਂ, ਇਮੀਗ੍ਰੇਸ਼ਨ ਸੈਂਟਰਾਂ, ਹਵਾਈ ਟਿਕਟ ਸੈਂਟਰਾਂ ਵਿਰੁੱਧ ਜ਼ਿਲ੍ਹਾ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਅਮਨੀਤ ਕੌਂਡਲ ਦੇ ਹੁਕਮਾਂ ‘ਤੇ ਸੋਮਵਾਰ ਨੂੰ ਜ਼ਿਲ੍ਹੇ ਭਰ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ। ਡੀਐਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਾਰੇ ਸਟੇਸ਼ਨ ਇੰਚਾਰਜਾਂ ਨੇ ਆਪਣੇ ਖੇਤਰ ਅਧੀਨ ਆਉਂਦੇ ਆਈਲੈਟਸ ਅਤੇ ਇਮੀਗ੍ਰੇਸ਼ਨ ਕੇਂਦਰਾਂ ਦੀ ਅਚਨਚੇਤ ਜਾਂਚ ਕੀਤੀ। ਇਸ ਸਮੇਂ ਦੌਰਾਨ ਪੁਲਿਸ ਟੀਮਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਚੱਲ ਰਹੇ ਸਾਰੇ ਆਈਲੈੱਟਸ ਕੋਚਿੰਗ ਤੇ ਇਮੀਗ੍ਰੇਸ਼ਨ ਸੈਂਟਰਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਲਾਇਸੈਂਸਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਹਰੇਕ ਟੀਮ ਦੀ ਅਗਵਾਈ ਇਕ ਡੀਐਸਪੀ ਪੱਧਰ ਦਾ ਅਧਿਕਾਰੀ ਕਰ ਰਿਹਾ ਸੀ। ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਵਾਲੇ ਇਮੀਗ੍ਰੇਸ਼ਨ ਸੈਂਟਰਾਂ ਦੇ ਸਰਕਾਰੀ ਲਾਇਸੈਂਸ ਦੀ ਵੀ ਜਾਂਚ ਕੀਤੀ ਗਈ। ਇੰਨ੍ਹਾਂ ਹੀ ਨਹੀਂ ਪੁਲਿਸ ਟੀਮਾਂ ਨੇ ਇਹ ਵੀ ਜਾਣਕਾਰੀ ਇਕੱਠੀ ਕੀਤੀ ਕਿ ਕਿੰਨ੍ਹੇ ਵਿਦਿਆਰਥੀ ਕਿਸ ਸੈਂਟਰ ਵਿੱਚ ਆਈਲੈਟਸ ਕਰ ਰਹੇ ਹਨ ਅਤੇ ਕਿੰਨ੍ਹੇ ਨੇ ਵਿਦੇਸ਼ ਜਾਣ ਲਈ ਕਿਸ ਸੈਂਟਰ ਰਾਹੀਂ ਅਪਲਾਈ ਕੀਤਾ ਹੈ ਅਤੇ ਉਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ। ਪੁਲਿਸ ਨੇ ਇਨ੍ਹਾਂ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਸਾਰੇ ਆਈਲੈਟਸ ਸੈਂਟਰਾਂ ਦੇ ਲਾਇਸੈਂਸਾਂ ਅਤੇ ਹੋਰ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਪ੍ਰਾਪਤ ਕਰਕੇ ਇੱਕ ਰਿਕਾਰਡ ਤਿਆਰ ਕੀਤਾ ਗਿਆ ਤਾਂ ਜੋ ਸਬੰਧਤ ਅਥਾਰਟੀ ਤੋਂ ਉਨ੍ਹਾਂ ਦੇ ਲਾਇਸੈਂਸ ਸੰਬੰਧੀ ਜਾਣਕਾਰੀ ਮੰਗੀ ਜਾ ਸਕੇ।