ਨੀ ਇਕ ਫੁੱਲ ਮਰੂਏ ਦਾ….. ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਨਜ਼ਰ ਵਿੱਚ ਨਿਆਂਜਬੋ (ਮਰੂਏ ) ਦਾ ਫੁੱਲ
ਇੱਕ ਫੁੱਲ ਮਰੂਏ ਦਾ
▪️ਗੁਰਭਜਨ ਗਿੱਲ
ਸ਼ਾਵਾ ਨੀ ਇਕ ਫੁੱਲ ਮਰੂਏ ਦਾ।
ਬੱਲੇ ਨੀ ਇਕ ਫੁੱਲ ਮਰੂਏ ਦਾ।
ਖਿੜ ਪਿਆ ਰਾਤ ਹਨੇਰੀ,
ਧਰਮ ਨਾਲ ਹੋਸ਼ ਗੁਆਚੀ ਮੇਰੀ,
ਨੀ ਇਕ ਫੁੱਲ ਮਰੂਏ ਦਾ।
ਇਤਰਾਂ ਭਿੱਜੀਆਂ ਵਗਣ ਹਵਾਵਾਂ।
ਡਰਦੀ ਮਾਰੀ ਕੋਲ ਨਾ ਜਾਵਾਂ।
ਰੱਬ ਕਰੇ, ਨਾ ਸੁਪਨਾ ਹੋਵੇ,
ਜਿਸਨੇ ਮਹਿਕ ਭਰੀ ਵਿਚ ਸਾਹਵਾਂ।
ਅੱਖ ਖੁੱਲ੍ਹੀ ਤੇ ਨਜ਼ਰ ਨਾ ਆਇਆ,
ਹੋ ਗਈ ਮਿੱਟੀ ਜਿੰਦ ਢੇਰੀ।
ਨੀ ਇਕ ਫੁੱਲ ਮਰੂਏ ਦਾ।
ਆਉਣ ਜਦੋਂ ਪਰਦੇਸੋਂ ਚਿੱਠੀਆਂ।
ਲਿਖ ਲਿਖ ਗੱਲਾਂ ਮਿੱਠੀਆਂ ਮਿੱਠੀਆਂ।
ਕਿੱਦਾਂ ਮੰਨ ਲਵਾਂ ਮੈਂ ਸੋਹਣਿਆ,
ਜਿਹੜੀਆਂ ਮੈਂ ਅੱਖੀਂ ਨਹੀਂ ਡਿੱਠੀਆਂ।
ਤੇਰੇ ਬਿਨ ਪਥਰਾ ਗਏ ਸੁਪਨੇ,
ਕਠਿਨ ਤਪੱਸਿਆ ਮੇਰੀ।
ਨੀ ਇਕ ਫੁੱਲ ਮਰੂਏ ਦਾ।
ਅੰਬਰੀਂ ਜਿੱਸਰਾਂ ਡਲ੍ਹਕਣ ਤਾਰੇ।
ਅੱਖੀਂ ਅੱਥਰੂ ਮਣ ਮਣ ਭਾਰੇ।
ਇਨ੍ਹਾਂ ਦਾ ਵੀ ਚੰਨ ਗੁਆਚਾ,
ਤਾਹੀਉਂ ਮੈਨੂੰ ਭਰਨ ਹੁੰਗਾਰੇ।
ਰੂਹ ਤੋਂ ਬਿਨ ਕਲਬੂਤ ਭਟਕਦਾ,
ਸਮਝ ਹਕੀਕਤ ਮੇਰੀ।
ਨੀ ਇਕ ਫੁੱਲ ਮਰੂਏ ਦਾ।
ਯਾਦਾਂ ਆਵਣ ਬੰਨ੍ਹ ਕਤਾਰਾਂ।
ਉੱਚੇ ਚੜ੍ਹ ਕੇ ‘ਵਾਜ਼ਾਂ ਮਾਰਾਂ।
ਦੂਰ ਦੇਸ ਤੋਂ ਪੰਛੀ ਮੁੜ ਪਏ,
ਤੂੰ ਹੀ ਇਕ ਲੈਂਦਾ ਨਹੀਂ ਸਾਰਾਂ।
ਇਕੋ ਗੱਲ ਤੂੰ ਦੱਸ ਦੇ ਭਲਾ ਕਦ,
ਮੁੱਕਣੀ ਪ੍ਰੀਖਿਆ ਮੇਰੀ।
ਨੀ ਇਕ ਫੁੱਲ ਮਰੂਏ ਦਾ।
ਖਿੜ ਪਿਆ ਰਾਤ ਹਨੇਰੀ।
🔳