ਪਿੰਡ ਲੱਖੋਵਾਲ ਕਲਾਂ ਨੇੜੇ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਪਤੀ ਦੀ ਮੌਤ; ਪਤਨੀ ਜ਼ਖ਼ਮੀ
ਨਿਊਜ਼ ਪੰਜਾਬ,13 ਜਨਵਰੀ 2025
ਪਿੰਡ ਲੱਖੋਵਾਲ ਕਲਾਂ ਨੇੜੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਗੁਰਬਚਨ ਸਿੰਘ (45) ਵਾਸੀ ਗੁਰੂ ਨਾਨਕ ਨਗਰ, ਰਾਜਪੁਰਾ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਮਨਜੀਤ ਕੌਰ ਜਖ਼ਮੀ ਹੋ ਗਈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਦੋਵੇਂ ਪਤੀ-ਪਤਨੀ ਰਾਹੋਂ ਤੋਂ ਆਪਣੀ ਭੈਣ ਨੂੰ ਮਿਲ ਕੇ ਵਾਪਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਜਪੁਰਾ ਜਾ ਰਹੇ ਸਨ ਕਿ ਪਿੰਡ ਲੱਖੋਵਾਲ ਕਲਾਂ ਨੇੜੇ ਕਾਲੇ ਰੰਗ ਦੀ ਇੰਡੀਕਾ ਕਾਰ ਨੇ ਇਨ੍ਹਾਂ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ’ਚ ਮੋਟਰਸਾਈਕਲ ਚਾਲਕ ਗੁਰਬਚਨ ਸਿੰਘ ਤੇ ਮਨਜੀਤ ਕੌਰ ਸੜਕ ’ਤੇ ਡਿੱਗ ਗਏ ਤੇ ਜ਼ਖ਼ਮੀ ਹੋ ਗਏ। ਇਨ੍ਹਾਂ ਦੋਵਾਂ ਨੂੰ ਸਮਰਾਲਾ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਗੁਰਬਚਨ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਉਸ ਦੀ ਪਤਨੀ ਮਨਜੀਤ ਕੌਰ ਮਾਮੂਲੀ ਸੱਟਾਂ ਲੱਗਣ ਕਾਰਨ ਜਖ਼ਮੀ ਹੋ ਗਈ। ਮਾਛੀਵਾੜਾ ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮ੍ਰਿਤਕ ਗੁਰਬਚਨ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ ਹੈ।