ਸੜਕ ਹਾਦਸੇ’ਚ ਪੀੜਤਾਂ ਨੂੰ ਮਿਲੇਗਾ 1.5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਮਾਰਚ ਤੋਂ ਪੂਰੇ ਦੇਸ਼ ’ਚ ਲਾਗੂ ਹੋਵੇਗੀ ਯੋਜਨਾ

ਨਿਊਜ਼ ਪੰਜਾਬ

13 ਜਨਵਰੀ 2025

ਸੜਕ ਹਾਦਸੇ ’ਚ ਜ਼ਖ਼ਮੀਆਂ ਨੂੰ ਦੇਸ਼ ਭਰ ’ਚ ਮਾਰਚ ਤੱਕ ਕੈਸ਼ਲੈੱਸ ਇਲਾਜ ਮਿਲਣ ਲੱਗੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸੜਕ ’ਤੇ ਵਾਹਨਾਂ ਕਾਰਨ ਹਾਦਸਾ ਹੋਣ ਤੋਂ ਬਾਅਦ ਜ਼ਖ਼ਮੀਆਂ ਨੂੰ ਸੱਤ ਦਿਨ ਤੱਕ ਪ੍ਰਤੀ ਹਾਦਸਾ, ਪ੍ਰਤੀ ਵਿਅਕਤੀ ਵੱਧ ਤੋਂ ਵੱਧ 1.5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮਿਲੇਗਾ। ਯੋਜਨਾ ਲਾਗੂ ਹੋਣ ਦੀ ਜ਼ਿੰਮੇਵਾਰੀ ਰਾਸ਼ਟਰੀ ਸਿਹਤ ਅਥਾਰਟੀ (ਐੱਨਐੱਚਏ) ਦੀ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੇ ਸੰਸਦੀ ਇਜਲਾਸ ’ਚ ਮੋਟਰ ਵਾਹਨ ਸੋਧ ਕਾਨੂੰਨ ਪੇਸ਼ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ 14 ਮਾਰਚ, 2024 ਨੂੰ ਸੜਕ ਹਾਦਸੇ ਦੇ ਪੀੜਤਾਂ ਨੂੰ ਕੈਸ਼ਲੈੱਸ ਇਲਾਜ ਦੇਣ ਲਈ ਪਾਇਲਟ ਯੋਜਨਾ ਸ਼ੁਰੂ ਕੀਤੀ ਸੀ। ਬਾਅਦ ’ਚ ਇਹ ਯੋਜਨਾ ਛੇ ਸੂਬਿਆਂ ਲਾਗੂ ਕੀਤੀ ਗਈ ਸੀ। ਹੁਣ ਮਾਰਚ ’ਚ ਇਹ ਪੂਰੇ ਦੇਸ਼ ’ਚ ਲਾਗੂ ਕਰਨ ਦੀ ਤਿਆਰੀ ਹੈ।

ਗਡਕਰੀ ਨੇ ਦੱਸਿਆ ਕਿ 42ਵੀਂ ਟ੍ਰਾਂਸਪੋਰਟ ਵਿਕਾਸ ਪ੍ਰੀਸ਼ਦ ਦੀ ਬੈਠਕ ’ਚ ਸੜਕ ਸੁਰੱਖਿਆ ਤਰਜੀਹ ’ਤੇ ਰਹੀ। ਬੈਠਕ ’ਚ ਇਹ ਫ਼ੈਸਲਾ ਵੀ ਲਿਆ ਗਿਆ ਕਿ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਹੁਣ ਜਿਹੜਾ ਵੀ ਭਾਰੀ ਵਾਹਨ ਯਾਨੀ ਬੱਸ ਤੇ ਟਰੱਕ ਬਣਾਉਣਗੀਆਂ, ਉਸ ’ਚ ਤਿੰਨ ਸੁਰੱਖਿਆ ਤਕਨੀਕਾਂ ਜ਼ਰੂਰੀ ਤੌਰ ’ਤੇ ਹੋਣਗੇਈਆਂ। ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ ਤੇ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਸਿਸਮਟ ਨਾਲ ਦੋ ਵਾਹਨਾਂ ਦੀ ਟੱਕਰ ਨੂੰ ਰੋਕਿਆ ਜਾ ਸਕਦਾ ਹੈ, ਜਦਕਿ ਡਰਾਈਵਰ ਡ੍ਰਾਊਜੀਨੇਸ ਸਿਸਟਮ ਅਲਰਟ ਇਹੋ ਜਿਹਾ ਆਡੀਓ ਸਿਸਟਮ ਹੋਵੇਗਾ ਜਿਹੜਾ ਇਹ ਜਾਣ ਲਵੇਗਾ ਕਿ ਡਰਾਈਵਰ ਨੂੰ ਝਪਕੀ ਜਾਂ ਆਲਸ ਆ ਰਿਹਾ ਹੈ, ਉਹ ਡਰਾਈਵਰ ਨੂੰ ਚੌਕਸ ਕਰ ਦੇਵੇਗੀ।