ਮੁੱਖ ਖ਼ਬਰਾਂਪੰਜਾਬ

ਤਿੰਨ ਰੋਜ਼ਾ ਖੇਲੋ ਇੰਡੀਆ ਗਤਕਾ ਲੀਗ ‘ਚ ਚੰਡੀਗੜ੍ਹ ਦੇ ਮੁੰਡੇ ਤੇ ਪੰਜਾਬ ਦੀਆਂ ਕੁੜੀਆਂ ਨੇ ਜਿੱਤਿਆ ਸੋਨਾ

ਨਿਊਜ਼ ਪੰਜਾਬ,13 ਜਨਵਰੀ 2025

ਨੈਸ਼ਨਲ ਯੁਵਾ ਦਿਵਸ ਮੌਕੇ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਐਨਐਸ ਐਨਆਈਐਸ ਪਟਿਆਲਾ ਵਿਖੇ ਕਰਵਾਈ ਗਈ ਤਿੰਨ ਰੋਜਾ ਖੇਲੋ ਇੰਡੀਆ ਗੱਤਕਾ ਲੀਗ ਚੈਂਪੀਅਨਸ਼ਿਪ ਦੀ ਐਤਵਾਰ ਨੂੰ ਸਮਾਪਤੀ ਹੋਈ। 10 ਜਨਵਰੀ ਤੋਂ 12 ਜਨਵਰੀ ਤੱਕ ਚੱਲੀ ਇਸ ਚੈਂਪੀਅਨਸ਼ਿਪ ਵਿੱਚ 12 ਵੱਖ-ਵੱਖ ਰਾਜਾਂ ਦੇ 115 ਖਿਡਾਰੀਆਂ ਨੇ ਹਿੱਸਾ ਲਿਆ। ਤਿੰਨ ਦਿਨਾਂ ਚ ਗਤਕਾ ਦੇ ਹੋਏ ਵੱਖ ਵੱਖ ਮੁਕਾਬਲਿਆਂ ਚ ਚੰਡੀਗੜ੍ਹ ਦੇ ਮੁੰਡਿਆਂ ਤੇ ਪੰਜਾਬ ਦੀਆਂ ਕੁੜੀਆਂ ਦੀ ਸਰਦਾਰੀ ਕਾਇਮ ਰਹੀ। ਇਨ੍ਹਾਂ ਮੁਕਾਬਲਿਆਂ ਵਿੱਚ ਲੜਕਿਆਂ ਦੇ ਵਰਗ ਵਿੱਚ ਚੰਡੀਗੜ੍ਹ ਨੇ ਪਹਿਲੇ ਸਥਾਨ ਤੇ ਕਬਜਾ ਕਰਦਿਆਂ ਸੋਨ ਤਗਮਾ ਜਿੱਤਿਆ ਜਦੋ ਕਿ ਪੰਜਾਬ ਨੇ ਚਾਂਦੀ ਦਾ ਤਗਮਾ ਜਿੱਤਿਆ, ਦਿੱਲੀ ਅਤੇ ਹਰਿਆਣਾ ਦੋਵਾਂ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰਾਂ ਕੁੜੀਆਂ ਦੇ ਵਰਗ ਵਿੱਚ ਪੰਜਾਬ ਨੇ ਸੋਨ ਤਗਮਾ ਜਿੱਤਿਆ, ਦਿੱਲੀ ਨੇ ਚਾਂਦੀ ਦਾ ਤਗਮਾ ਜਿੱਤਿਆ, ਬਿਹਾਰ ਅਤੇ ਹਰਿਆਣਾ ਦੋਵਾਂ ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਖੇਡ ਅਥਾਰਟੀ ਨੇ ਜੇਤੂ ਟੀਮਾਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਲੀਗ ਦੀ ਸਮਾਪਤੀ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਆਲ ਇੰਡੀਆ ਗਤਕਾ ਫੈਡਰੇਸ਼ਨ ਦੇ ਉਪ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ, ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਅਤੇ ਜੀਐਫਆਈ ਦੇ ਸਾਰੇ ਮੈਂਬਰ ਵੀ ਮੌਜੂਦ ਸਨ। ਐਨਐਸਐਨਆਈਐਸ ਪਟਿਆਲਾ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਵਿਨੀਤ ਕੁਮਾਰ ਨੇ ਕਿਹਾ ਕਿ ਗੱਤਕਾ ਪੰਜਾਬ ਵਿੱਚ ਆਪਣਾ ਪ੍ਰਮੁੱਖ ਸਥਾਨ ਰੱਖਦਾ ਹੈ ਕਿਉਂਕਿ ਇਸਦੀ ਸ਼ੁਰੂਆਤ ਸਾਡੇ ਛੇਵੇਂ ਗੁਰੂ, ਸ਼੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਕੀਤੀ ਗਈ ਸੀ। ਇਹ ਪੰਜਾਬ ਦੀ ਵਿਰਾਸਤ ਹੈ। ਉਨ੍ਹਾਂ ਦੱਸਿਆ ਕਿ ਗੱਤਕੇ ਨੂੰ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ ਅਤੇ ਅਸੀਂ ਗੱਤਕੇ ਨੂੰ ਅੰਤਰਰਾਸ਼ਟਰੀ ਖੇਡਾਂ ਦਾ ਹਿੱਸਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਖੇਡ ਡਾਇਰੈਕਟਰ ਹਰਪ੍ਰੀਤ ਸਿੰਘ ਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਆਖਿਆ ਕਿ ਕਲਾ ਦੇ ਜੌਹਰ ਦਿਖਾਉਣ ਵਾਲੀ ਖੇਡ ਗਤਕਾ ਦੇ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋਣਾ ਪੰਜਾਬ ਦੇ ਅਮੀਰ ਵਿਰਸੇ ਲਈ ਮਾਣ ਵਾਲੀ ਗੱਲ ਹੈ। ਅੰਤ ਵਿੱਚ ਐਨਆਈਐਸ ਦੇ ਅਧਿਕਾਰੀਆਂ ਵੱਲੋ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਪਤੰਵੰਤਿਆਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ।