ਮੁੱਖ ਖ਼ਬਰਾਂਭਾਰਤ

SKM ਦੇ ਦੋਵੇਂ ਧੜਿਆਂ ਦੀ ਪਾਤੜਾਂ ’ਚ ਕੇਂਦਰ ਖਿਲਾਫ਼ ਸਾਂਝੀ ਰਣਨੀਤੀ ਲਈ ਮੀਟਿੰਗ ਖਤਮ, 18 ਨੂੰ ਮੁੜ ਬੁਲਾਈ ਬੈਠਕ

ਨਵੀ ਦਿੱਲੀ,13 ਜਨਵਰੀ 2025

ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅਗਵਾਈ ਵਿੱਚ ਖਨੋਰੀ ਅਤੇ ਸ਼ੰਭੂ ਬਾਰਡਰ ਵਿਖੇ ਸੰਘਰਸ਼ ਕਰ ਰਹੀਆਂ ਦੋਵੇਂ ਫੋਰਮਾਂ ਵਿਚਕਾਰ ਏਕਤਾ ਦੇ ਮਕਸਦ ਨਾਲ ਤਾਲਮੇਲ ਕਮੇਟੀ ਦੀ ਪਾਤੜਾਂ ਵਿਖੇ ਹੋਣ ਵਾਲੀ ਮੀਟਿੰਗ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਹੈ। ‌ ਪਾਤੜਾਂ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਚੱਲ ਰਹੀ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰਵਿੰਦਰ ਸਿੰਘ ਪਟਿਆਲਾ, ਬਲਵੀਰ ਸਿੰਘ ਰਾਜੇਵਾਲ ,ਮਨਜੀਤ ਸਿੰਘ ਧਨੇਰ, ਡਾਕਟਰ ਦਰਸ਼ਨ ਪਾਲ ਅਤੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਯੁੱਧਵੀਰ ਸਿੰਘ, ਅਭਿਮਨਿਓ ਕੁਹਾੜ, ਸਰਵਣ ਸਿੰਘ ਪੰਧੇਰ ਇੰਦਰਜੀਤ ਸਿੰਘ, ਲਖਵਿੰਦਰ ਸਿੰਘ ਔਲਖ ,ਸੁਖਜਿੰਦਰ ਸਿੰਘ ਹਰਦੋ ਝੰਡੇ, ਸਮੇਤ ਵੱਖ-ਵੱਖ ਆਗੂ ਪਾਤੜਾਂ ਵਿਖੇ ਪਹੁੰਚ ਕੇ ਇਹ ਅਹਿਮ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਸਬੰਧੀ ਵਿਚਾਰ ਕਰ ਰਹੇ ਹਨ।ਇਸ ਮੀਟਿੰਗ ਦਾ ਫ਼ੈਸਲਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਸਿਹਤ ਦੇ ਮੱਦੇਨਜ਼ਰ ਕੀਤਾ ਗਿਆ ਹੈ। ਪਟਿਆਲਾ ਦੇ ਪਾਤੜਾਂ ’ਚ ਹੋਣ ਵਾਲੀ ਇਸ ਬੈਠਕ ’ਚ ਕਿਸਾਨ ਆਗੂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਸਾਂਝੀ ਰਣਨੀਤੀ ਬਣਾਉਣਗੇ। ਇਸ ਦੇ ਨਾਲ ਹੀ ਬੈਠਕ ’ਚ 13 ਜਨਵਰੀ ਨੂੰ ਹੀ ਕੇਂਦਰ ਸਰਕਾਰ ਦੀ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਉਧਰ ਖਨੌਰੀ ’ਚ ਪਿਛਲੇ ਦਿਨੀਂ ਅਧਰੰਗ ਦਾ ਦੌਰਾ ਪੈਣ ਤੋਂ ਬਾਅਦ ਗੰਭੀਰ ਹਾਲਤ ’ਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਏ ਗਏ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਦਾਰਾ ਬਾਜਾਖਾਨਾ ਵਾਸੀ 80 ਸਾਲਾ ਕਿਸਾਨ ਜੱਗਾ ਸਿੰਘ ਦੀ ਸ਼ਨਿਚਰਵਾਰ ਦੇਰ ਰਾਤ ਮੌਤ ਹੋ ਗਈ। ਜੱਗਾ ਸਿੰਘ ਦੱਸ ਮਹੀਨੇ ਤੋਂ ਖਨੌਰੀ ’ਚ ਚੱਲ ਰਹੇ ਕਿਸਾਨ ਅੰਦੋਲਨ ’ਚ ਡਟੇ ਹੋਏ ਸਨ।