ਪੋਹ ਦਾ ਮਹੀਨਾ – ਸਿੱਖੀ ‘ਚ ਸਿਦਕ ਅਤੇ ਸਬਰ ਦੀ ਪਰਖ਼ ਦਾ ਵੇਲਾ
15 ਦਿਸੰਬਰ 2024
ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ (ਦਸੰਬਰ ਅੱਧ ਤੋਂ ਸ਼ੁਰੂ) ਬੇਹੱਦ ਉਦਾਸੀਨਤਾ ਭਰਿਆ ਹੁੰਦਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ, ਚਾਰੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ, ਇਸੇ ਮਹੀਨੇ ਹੀ ਇਹ ਸਭ ਦੁਖਾਂਤ ਵਾਪਰੇ ਸਨ। ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਿੱਖਾਂ ਦਾ ਕਰਬਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਥਾਂ ‘ਤੇ ਹੀ ਦੁਨੀਆਂ ਦਾ ਇਕ ਅਜੀਬ ਸਾਕਾ ਵਾਪਰਿਆ। ਇਕ ਪਾਸੇ ਮੁਗਲ ਹਕੂਮਤ ਤੇ ਦੂਜੇ ਪਾਸੇ 7 ਤੇ 9 ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚੇ। ਭੋਰਾ ਸਾਹਿਬ, ਇਹ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ ਸੀ। ਗੁਰਦੁਆਰਾ ਸ੍ਰੀ ਜੋਤੀ ਸਰੂਪ ਫਤਹਿਗੜ੍ਹ ਸਾਹਿਬ, ਜਿਸ ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਵੀ ਕਿਹਾ ਜਾਂਦਾ ਹੈ। ਇੱਥੇ ਹੀ ਦੋਵਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਮ ਸਸਕਾਰ ਕੀਤਾ ਗਿਆ। ਗੁਰਦੁਆਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਉਹ ਇਤਿਹਾਸਕ ਸਥਾਨ ਹੈ, ਜਿੱਥੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਮੁਗ਼ਲਾਂ ਨਾਲ ਲੜਦੇ ਹੋਏ ਜੰਗ-ਏ-ਮੈਦਾਨ ਵਿੱਚ ਸ਼ਹੀਦ ਹੋਏ ਸਨ। ਇਸ ਦੇ ਨਾਲ ਹੀ ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਵੀ ਸ਼ਹੀਦ ਹੋਏ ਸਨ। ਸ਼ਹੀਦੀ ਸਾਕੇ ਦੀ ਯਾਦ ਵਿੱਚ ਹਰ ਸਾਲ ਗੁਰਦੁਆਰਾ ਗੁਰ ਸਾਗਰ ਤੋਂ ਇੱਕ ਮਹਾਨ ਸ਼ਹੀਦੀ ਨਗਰ ਕੀਰਤਨ ਚਮਕੌਰ ਸਾਹਿਬ ਤੋਂ ਫਤਹਿਗੜ੍ਹ ਸਾਹਿਬ ਤੱਕ ਸਜਾਇਆ ਜਾਂਦਾ ਹੈ।