ਲੁਧਿਆਣਾ ‘ਚ ਸਮਾਨ ਨਾਲ ਲੱਦੀ ਕੋਰੀਅਰ ਦੀ ਗੱਡੀ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
ਪੰਜਾਬ ਨਿਊਜ਼,20 ਨਵੰਬਰ 2024
ਲੁਧਿਆਣਾ ‘ਚ NH44 ਹਾਈਵੇਅ ਨੇੜੇ ਬਸਤੀ ਜੋਧੇਵਾਲ ਵਿੱਚ ਇੱਕ ਕੋਰੀਅਰ ਦੀ ਗੱਡੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਡਰਾਈਵਰ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਸ ਨੇ ਗੱਡੀ ਸੜਕ ਦੇ ਕੰਢੇ ਖੜ੍ਹੀ ਕੀਤੀ ਅਤੇ ਪਾਣੀ ਲੈਣ ਚਲਾ ਗਿਆ। ਅੱਗ ਇੰਨੀ ਵੱਧ ਗਈ ਕਿ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ। ਰਾਹਗੀਰਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਅਤੇ NHAI ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਗੱਡੀ ਦੇ ਡਰਾਈਵਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਲਾਡੋਵਾਲ ਦੇ ਨੇੜੇ ਤੋਂ ਕੋਰੀਅਰ ਦੀ ਗੱਡੀ ਲੈ ਕੇ ਜਾ ਰਿਹਾ ਸੀ। ਇਨ੍ਹਾਂ ਦਾ ਮੁੱਖ ਸਟੋਰ ਸਾਹਨੇਵਾਲ ਵਿੱਚ ਹੈ। ਗੱਡੀ ਮਾਲ ਨਾਲ ਲੱਦੀ ਹੋਈ ਸੀ। ਅਚਾਨਕ ਜਦੋਂ ਇਹ ਬਸਤੀ ਜੋਧੇਵਾਲ ਨੇੜੇ ਪਹੁੰਚੀ ਤਾਂ ਕਾਰ ਦੇ ਇੰਜਣ ਵਿੱਚੋਂ ਅੱਗ ਨਿਕਲਣ ਲੱਗੀ। ਜਦੋਂ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਹ ਗੱਡੀ ਨੂੰ ਸੜਕ ਦੇ ਕੰਢੇ ਲਾ ਕੇ ਪਾਣੀ ਲੈਣ ਚਲਾ ਗਿਆ, ਉਦੋਂ ਤੱਕ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ।ਅੱਗ ਲੱਗਣ ਤੋਂ ਤੁਰੰਤ ਬਾਅਦ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਡਿਲੀਵਰੀ ਲਈ ਗੱਡੀ ਵਿੱਚ ਲੱਦਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਦੀ ਮਦਦ ਨਾਲ ਗੱਡੀ ਤੋਂ ਕੁਝ ਸਮਾਨ ਤਾਂ ਉਤਾਰਿਆ ਗਿਆ ਪਰ ਉਹ ਵੀ ਖਰਾਬ ਹੋ ਗਿਆ ਸੀ।