ਇਕ ਹੋਰ ਬੈਂਕ ਨੂੰ ਲੱਗਿਆ ਤਾਲਾ,5 ਲੱਖ ਤੱਕ ਮਿਲੇਗਾ ਕਲੇਮ।

24 ਅਪ੍ਰੈਲ 2024

ਭਾਰਤੀ ਰਿਜ਼ਰਵ ਬੈਂਕ  ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਉਲਹਾਸਨਗਰ ਸਥਿਤ ‘ਦਿ ਕੋਨਾਰਕ ਅਰਬਨ ਕੋ-ਆਪਰੇਟਿਵ ਬੈਂਕ’ (Konark Urban Co-operative Bank Ltd) ਉਤੇ ਪੈਸੇ ਕਢਵਾਉਣ ਸਮੇਤ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ।

ਇਹ ਪਾਬੰਦੀਆਂ ਬੈਂਕ ਦੀ ਮਾੜੀ ਵਿੱਤੀ ਹਾਲਤ ਦੇ ਮੱਦੇਨਜ਼ਰ ਲਗਾਈਆਂ ਗਈਆਂ ਹਨ। ਯੋਗ ਜਮ੍ਹਾਕਰਤਾ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਤੋਂ ਆਪਣੀ ਜਮ੍ਹਾਂ ਰਕਮ ਤੋਂ 5 ਲੱਖ ਰੁਪਏ ਤੱਕ ਦੀ ਜਮ੍ਹਾਂ ਬੀਮਾ ਕਲੇਮ ਰਾਸ਼ੀ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ।

ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 35A ਦੇ ਤਹਿਤ ਕੋਨਾਰਕ ਅਰਬਨ ਕੋ-ਆਪਰੇਟਿਵ ਬੈਂਕ ‘ਤੇ ਪਾਬੰਦੀਆਂ 23 ਅਪ੍ਰੈਲ, 2024 ਨੂੰ ਕਾਰੋਬਾਰ ਦੀ ਸਮਾਪਤੀ ਤੋਂ ਲਾਗੂ ਹੋ ਗਈਆਂ ਸਨ। ਬੈਂਕ ਉਤੇ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਇਹ ਸ਼ਾਮਲ ਹੈ ਕਿ ਬੈਂਕ ਕਿਸੇ ਵੀ ਕਰਜ਼ੇ ਅਤੇ ਪੇਸ਼ਗੀ ਨੂੰ ਮਨਜ਼ੂਰੀ ਨਹੀਂ ਦੇ ਸਕਦਾ ਹੈ ਜਾਂ ਰੀਨਿਊ ਨਹੀਂ ਕਰ ਸਕਦਾ ਹੈ, ਕੋਈ ਨਿਵੇਸ਼ ਨਹੀਂ ਕਰ ਸਕਦਾ ਹੈ, ਕੋਈ ਵੀ ਦੇਣਦਾਰੀਆਂ ਦਾ ਤਬਾਦਲਾ ਨਹੀਂ ਕਰ ਸਕਦਾ ਹੈ ਜਾਂ ਆਰਬੀਆਈ ਦੀ ਇਜਾਜ਼ਤ ਤੋਂ ਬਿਨਾਂ ਆਪਣੀ ਕਿਸੇ ਵੀ ਜਾਇਦਾਦ ਦਾ ਨਿਪਟਾਰਾ ਨਹੀਂ ਕਰ ਸਕਦਾ ਹੈ।

ਆਰਬੀਆਈ ਨੇ ਕਿਹਾ ਕਿ ਰਿਣਦਾਤਾ ‘ਤੇ ਪਾਬੰਦੀ ਨੂੰ ਬੈਂਕਿੰਗ ਲਾਇਸੈਂਸ ਰੱਦ ਕਰਨ ਦੇ ਰੂਪ ਵਿੱਚ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬੈਂਕ ਆਪਣੀ ਵਿੱਤੀ ਸਥਿਤੀ ਵਿਚ ਸੁਧਾਰ ਹੋਣ ਤੱਕ ਪਾਬੰਦੀਆਂ ਦੇ ਨਾਲ ਬੈਂਕਿੰਗ ਸੰਚਾਲਨ ਕਰਨਾ ਜਾਰੀ ਰੱਖੇਗਾ।