ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ! ਇਨ੍ਹਾਂ ਤਰੀਕ ਨੂੰ ਸੂਬੇ ਭਰ ‘ਚ ਬੱਸਾਂ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਕਰਨਗੇ ਪ੍ਰਦਰਸ਼ਨ
ਨਿਊਜ਼ ਪੰਜਾਬ
4 ਮਈ 2025
ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟ੍ਰੈਕਟਰ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਬੈਠਕ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿਲ ਦੀ ਅਗਵਾਈ ‘ਚ ਹੋਈ। ਇਸ ਵਿਚ ਯੂਨੀਅਨ ਦੇ ਸਮੂਹ ਡਿਪੂਆਂ ਦੇ ਮੁਲਾਜ਼ਮ ਸ਼ਾਮਲ ਹੋਏ। ਬੈਠਕ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਝੂਠੇ ਵਾਅਦੇ ਕਰ ਕੇ ਸਮਾਂ ਲੰਘਾ ਰਹੀ ਹੈ।
ਆਉਟਸੋਰਸ ‘ਤੇ ਭਰਤੀ ਕਰ ਕੇ ਕਾਰਪੋਰੇਟ ਤੋਂ ਮੁਲਾਜ਼ਮਾਂ ਦਾ ਸ਼ੋਸ਼ਣ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਵਿਭਾਗ ‘ਚ ਸਰਕਾਰੀ ਬੱਸਾਂ ਪਾਉਣ ਦੀ ਬਜਾਏ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰ ਕੱਚੇ ਮੁਲਾਜ਼ਮਾਂ ਨੂੰ ਨੀਤੀ ਬਣਾ ਕੇ ਪੱਕਾ ਕਰਨ ਤੋਂ ਭੱਜ ਰਹੀ ਹੈ।
9 ਅਪ੍ਰੈਲ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਐਡਵੋਕੇਟ ਜਨਰਲ ਨਾਲ ਪੈਨਲ ਬੈਠਕ ਹੋਈ ਸੀ, ਜਿਸ ਵਿਚ ਪੰਦਰਾਂ ਦਿਨਾਂ ‘ਚ ਨੀਤੀ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ, ਪਰ ਅੱਜ 25 ਦਿਨ ਹੋ ਗਏ, ਨੀਤੀ ਲਾਗੂ ਨਹੀਂ ਕੀਤੀ ਗਈ। ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਕਿਲੋਮੀਟਰ ਸਕੀਮ ਬਹੁਤ ਹੀ ਘਾਟੇ ਦਾ ਸੌਦਾ ਹੈ। ਇਕ ਬੱਸ 5 ਸਾਲਾਂ ‘ਚ1 ਕਰੋੜ ਰੁਪਏ ਤੋਂ ਵੱਧ ਪੈਸੇ ਲੈ ਜਾਂਦੀ ਹੈ, ਜਦਕਿ ਇੰਨੇ ਪੈਸੇ ਵਿਚ ਤਿੰਨ ਸਰਕਾਰੀ ਬੱਸਾਂ 15 ਸਾਲਾਂ ਤੱਕ ਲੋਕਾਂ ਨੂੰ ਸਫਰ ਦੀ ਸਹੂਲਤ ਦਿੰਦੀਆਂ ਹਨ।
ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਨੇ ਕਿਹਾ ਕਿ ਯੂਨੀਅਨ ਨੇ ਬੈਠਕ ਦੌਰਾਨ ਫੈਸਲਾ ਕੀਤਾ ਹੈ ਕਿ 11 ਮਈ ਨੂੰ ਲੁਧਿਆਣਾ ‘ਚ ਕਾਨਫਰੰਸ, 15 ਮਈ ਨੂੰ ਗੇਟ ਰੈਲੀਆਂ ਹੋਣਗੀਆਂ। ਇਸ ਤੋਂ ਬਾਅਦ 20, 21, 22 ਮਈ ਤਕ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਕੇ ਹੜਤਾਲ ਕੀਤੀ ਜਾਵੇਗੀ। ਸੂਬੇ ਭਰ ‘ਚ ਬੱਸਾਂ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਪ੍ਰਦਰਸ਼ਨ ਕੀਤੇ ਜਾਣਗੇ