ਮੁੱਖ ਖ਼ਬਰਾਂਪੰਜਾਬ

ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ ਗਲੋਬਲ ਸਿੱਖ ਕੌਂਸਲ ਵੱਲੋਂ ਸਮਰਥਨ

ਨਿਊਜ਼ ਪੰਜਾਬ

ਚੰਡੀਗੜ੍ਹ, 4 ਮਈ 2025

ਗਲੋਬਲ ਸਿੱਖ ਕੌਂਸਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਉਸ ਅਪੀਲ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਸਮੇਤ ਸਾਰੇ ਸਿੱਖ ਪ੍ਰਚਾਰਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰਛਾਇਆ ਹੇਠ ਇਕੱਤਰ ਹੋ ਕੇ ਦੇਸ਼ ਭਰ ਵਿੱਚ ਸਿੱਖੀ ਪ੍ਰਚਾਰ ਦੇ ਮਿਸ਼ਨ ਨੂੰ ਮੁੜ ਸੁਰਜੀਤ ਕਰਨ ਤੇ ਖਾਲਸਾ ਪੰਥ ਅੰਦਰ ਰੁਹਾਨੀਅਤ ਨੂੰ ਉਤਸ਼ਾਹਿਤ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

ਇੱਥੇ ਇੱਕ ਬਿਆਨ ਵਿੱਚ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ, ਧਾਰਮਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਡਾ. ਕਰਮਿੰਦਰ ਸਿੰਘ, ਕਾਨੂੰਨੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਜਗੀਰ ਸਿੰਘ ਅਤੇ ਕੌਂਸਲ ਦੇ ਸਕੱਤਰ ਹਰਜੀਤ ਸਿੰਘ ਨੇ ਜੱਥੇਦਾਰ ਦੀ ਇਸ ਕੋਸ਼ਿਸ਼ ਨੂੰ “ਸਮੇਂ ਦੀ ਲੋੜ ਅਤੇ ਵੇਲੇ ਸਿਰ ਨਿਭਾਈ ਧਾਰਮਿਕ ਪਹਿਲਕਦਮੀ” ਕਰਾਰ ਦਿੱਤਾ ਹੈ ਤਾਂ ਜੋ ਪੰਜਾਬ ਅਤੇ ਹੋਰ ਰਾਜਾਂ ਵਿੱਚ ਸਿੱਖੀ ਨੂੰ ਕਾਇਮ ਰੱਖਣ ਪ੍ਰਤੀ ਘਟ ਰਹੀ ਪ੍ਰਵਿਰਤੀ ਨੂੰ ਠੱਲ੍ਹ ਪਾਈ ਜਾ ਸਕੇ।

ਗਲੋਬਲ ਸਿੱਖ ਕੌਂਸਲ ਨੇ ਜੱਥੇਦਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਉੱਨਾਂ ਸਾਰੇ ਪ੍ਰਭਾਵਸ਼ਾਲੀ ਅਤੇ ਪ੍ਰਤੀਬੱਧ ਪ੍ਰਚਾਰਕਾਂ ਨੂੰ ਵੀ ਇਸੇ ਤਰ੍ਹਾਂ ਪੰਥਕ ਸੇਵਾ ਦਾ ਸੱਦਾ ਦੇਣ ਜੋ ਪਹਿਲਾਂ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕੇ ਜਾਣ ਵਰਗੇ ਫ਼ੈਸਲਿਆਂ ਕਾਰਨ ਸੇਵਾ ਤੋਂ ਦੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵੇਲਾ ਵਿਤਕਰੇਬਾਜੀ, ਤੋੜ-ਵਿਛੋੜੇ ਜਾਂ ਵੰਡੀਆਂ ਪਾਉਣ ਦਾ ਨਹੀਂ ਸਗੋਂ ਸੂਝ-ਬੂਝ ਨਾਲ ਕੌਮ ਦੀ ਇੱਕਜੁੱਟਤਾ ਅਤੇ ਗੁਰਮਤਿ ਅਧਾਰਿਤ ਪੰਥਕ ਏਕਤਾ ਕਰਾਉਣ ਦਾ ਸਮਾਂ ਹੈ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਖ਼ਾਲਸਾ ਪੰਥ ਦੀ ਦੁਨਿਆਵੀ, ਧਾਰਮਿਕ ਅਤੇ ਰੂਹਾਨੀ ਸਰਵਉੱਚਤਾ ਦਾ ਕੇਂਦਰ ਹੋਣ ਦੇ ਨਾਤੇ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਮੁਆਫ਼ ਕਰਨ, ਗਲੇ ਲਾਉਣ ਅਤੇ ਕੌਮ ਦੀ ਚੜ੍ਹਦੀਕਲਾ ਲਈ ਯਤਨਸ਼ੀਲ ਹੋਵੇ।”

ਕੌਂਸਲ ਨੇ ਤਰਕ ਦਿੱਤਾ ਹੈ ਕਿ ਗੁਰਮਤਿ ਤੇ ਗੁਰਬਾਣੀ ਪ੍ਰਚਾਰ ਵਿੱਚ ਗੰਭੀਰ ਗਿਰਾਵਟ ਕਾਰਨ ਨੌਜਵਾਨਾਂ ਵਿੱਚ ਧਾਰਮਿਕ ਰੁਚੀ ਘਟ ਰਹੀ ਹੈ ਅਤੇ ਸਿੱਖਾਂ ਵਿੱਚ ਧਰਮ-ਪਰਿਵਰਤਨ ਵਧ ਰਿਹਾ ਹੈ। ਪੰਥ ਵਿੱਚੋਂ ਛੇਕਣ ਵਰਗੀ ਰਵਾਇਤ ਈਸਾਈ ਪਰੰਪਰਾ ਵਿੱਚ ਪ੍ਰਚਲਿਤ ਧਾਰਨਾ ਤੋਂ ਅਪਣਾਈ ਗਈ ਹੈ ਅਤੇ ਇਸਦਾ ਪੁਰਾਤਨ ਸਿੱਖ ਮਰਯਾਦਾ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਲਈ ਗੁਰਸਿੱਖੀ ਵਿੱਚ ਸਰਬੱਤ ਦਾ ਭਲਾ ਹੀ ਹਰ ਕਾਰਜ ਲਈ ਪ੍ਰੇਰਣਾ ਸਰੋਤ ਹੋਣਾ ਚਾਹੀਦਾ ਹੈ।

ਪ੍ਰਧਾਨ ਕੰਵਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਕੌਂਸਲ ਦੀਆਂ 30 ਤੋਂ ਵੱਧ ਦੇਸ਼ਾਂ ਵਿੱਚ ਮੈਂਬਰ ਸੰਸਥਾਵਾਂ ਹਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ ਅਤੇ ਗੁਰੂ ਸਾਹਿਬਾਨ ਦੇ ਮਾਨਵਤਾ ਪੱਖੀ ਗੁਰਸੰਦੇਸ਼ ਦੇ ਪ੍ਰਚਾਰ ਲਈ ਪ੍ਰਚਾਰਕਾਂ ਨੂੰ ਰੂਹਾਨੀ ਅਤੇ ਬੌਧਿਕ ਸਿਖਲਾਈ ਦੇ ਕੇ ਸੇਵਾ ਦੇ ਕਾਰਜ ਵਿੱਚ ਭੇਜਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਇਸ ਵੇਲੇ ਖ਼ਾਲਸਾ ਪੰਥ ਨੂੰ ਇੱਕਸੁਰ ਅਤੇ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਹ ਸਮਾਂ ਵੰਡੀਆਂ ਪਾਉਣ ਦਾ ਨਹੀਂ, ਸਗੋਂ ਸਾਂਝੀ ਸੋਚ ਰਾਹੀਂ ਗੁਰਮਤਿ ਪ੍ਰਚਾਰ ਦੀ ਨਵੀਂ ਲਹਿਰ ਸਿਰਜਣ ਦਾ ਹੈ।

ਪੰਥਕ ਏਕਤਾ, ਗੁਰਮਤਿ ਅਧਾਰਿਤ ਵਾਰਤਾਲਾਪ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੇ ਸੰਕਲਪ ਨੂੰ ਦੁਹਰਾਉਂਦਿਆਂ ਗਲੋਬਲ ਸਿੱਖ ਕੌਂਸਲ ਨੇ ਸਮੂਹ ਸਿੱਖ ਨੇਤਾਵਾਂ ਨੂੰ ਕੌਮ ਦੇ ਵਡੇਰੇ ਹਿਤਾਂ ਦੇ ਮੱਦੇਨਜ਼ਰ ਆਪਸੀ ਪੁਰਾਣੇ ਮਤਭੇਦਾਂ ਤੋਂ ਉੱਪਰ ਉੱਠ ਕੇ ਕੌਮ ਦੀ ਸੇਵਾ ਲਈ ਜੁਟੇ ਸਾਰੇ ਪ੍ਰਚਾਰਕਾਂ ਤੇ ਨੇਤਾਵਾਂ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇੱਕਜੁੱਟਤਾ ਨਾਲ ਦੇਸ਼ ਭਰ ਵਿੱਚ ਗੁਰਸਿੱਖੀ, ਗੁਰਮਤਿ ਅਤੇ ਗੁਰਬਾਣੀ ਦੇ ਪ੍ਰਚਾਰ ਨੂੰ ਇਸਦੇ ਸਹੀ ਮਾਅਨਿਆਂ ਵਿੱਚ ਮਜ਼ਬੂਤ ਕੀਤਾ ਜਾ ਸਕੇ।