ਅਰਵਿੰਦ ਕੇਜਰੀਵਾਲ ਦਾ ਜੇਲ੍ਹ ਵਿੱਚ ਸ਼ੂਗਰ ਲੇਵਲ ਵਧਿਆ…..ਦਿੱਤੀ ਗਈ ਇਨਸੁਲੀਨ ।
23 ਅਪ੍ਰੈਲ 2024
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿੱਚ ਇਨਸੁਲਿਨ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਦਾਅਵਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵੱਧ ਰਿਹਾ ਸੀ। ਸੀਐਮ ਕੇਜਰੀਵਾਲ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ। ਈਡੀ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਉਸ ਨੂੰ ਇਨਸੁਲਿਨ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ, ਜਿਸ ‘ਚ ਉਨ੍ਹਾਂ ਨੇ ਸ਼ੂਗਰ ਦੇ ਇਲਾਜ ਅਤੇ ਬਲੱਡ ਸ਼ੂਗਰ ਦੇ ਪੱਧਰ ‘ਚ ਚੱਲ ਰਹੇ ਉਤਰਾਅ-ਚੜ੍ਹਾਅ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਰੋਜ਼ਾਨਾ ਆਪਣੀ ਪਸੰਦ ਦੇ ਡਾਕਟਰ ਨਾਲ 15 ਮਿੰਟ ਦੀ ਸਲਾਹ ਲਈ ਇਜਾਜ਼ਤ ਮੰਗੀ ਸੀ।
ਰੂਜ਼ ਐਵੇਨਿਊ ਅਦਾਲਤ ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਨੇਤਾ ਨੂੰ ਨਿਆਂਇਕ ਹਿਰਾਸਤ ਵਿਚ ਹੋਣ ਦੌਰਾਨ ਢੁਕਵਾਂ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾਵੇ। ਅਦਾਲਤ ਨੇ ਹੁਕਮ ਦਿੱਤਾ ਕਿ ਜੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਵਿੱਚ ਵਿਸ਼ੇਸ਼ ਸਲਾਹ ਦੀ ਲੋੜ ਹੈ, ਤਾਂ ਜੇਲ੍ਹ ਅਧਿਕਾਰੀ ਏਮਜ਼ ਦਿੱਲੀ ਦੇ ਡਾਇਰੈਕਟਰ ਦੁਆਰਾ ਗਠਿਤ ਮੈਡੀਕਲ ਬੋਰਡ ਨਾਲ ਸਲਾਹ-ਮਸ਼ਵਰਾ ਕਰਨਗੇ
ਇਹ ਮੈਡੀਕਲ ਬੋਰਡ ਮੁੱਖ ਮੰਤਰੀ ਕੇਜਰੀਵਾਲ ਦੀਆਂ ਡਾਕਟਰੀ ਜ਼ਰੂਰਤਾਂ ਅਤੇ ਉਨ੍ਹਾਂ ਦੇ ਮਹੱਤਵਪੂਰਨ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਖੁਰਾਕ ਅਤੇ ਕਸਰਤ ਯੋਜਨਾ ਤਿਆਰ ਕਰੇਗਾ। ਜੱਜ ਨੇ ਆਪਣੇ ਹੁਕਮ ‘ਚ ਸਪੱਸ਼ਟ ਕੀਤਾ ਕਿ ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਅਦਾਲਤ ਦੇ ਪਹਿਲੇ ਹੁਕਮਾਂ ਅਤੇ ਉਨ੍ਹਾਂ ਦੇ ਨਿੱਜੀ ਡਾਕਟਰ ਵੱਲੋਂ ਦਿੱਤੇ ਡਾਈਟ ਚਾਰਟ ਮੁਤਾਬਕ ਘਰ ਦਾ ਬਣਿਆ ਖਾਣਾ ਖਾ ਸਕਦੇ ਹਨ।
ਇਸ ਤੋਂ ਇਲਾਵਾ, ਅਦਾਲਤ ਨੇ ਮੈਡੀਕਲ ਪੈਨਲ ਨੂੰ ‘ਜਲਦੀ ਤੋਂ ਜਲਦੀ’ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਕਿ ਕੀ ਮੁੱਖ ਮੰਤਰੀ ਕੇਜਰੀਵਾਲ ਨੂੰ ਇਨਸੁਲਿਨ ਦੇਣ ਦੀ ਕੋਈ ਲੋੜ ਹੈ।